Daily Suraj

ਪੰਜਾਬੀ

ਮਦਰ ਟੀਚਰ ਸਕੂਲ ’ਚ ਫੇਅਰਵੈੱਲ ਪਾਰਟੀ ਦੀ ਰੌਣਕ

22 Jan, 2025 05:30 AM

ਬਰਨਾਲਾ : ਮਦਰ ਟੀਚਰ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ‘ਹਾਸਤਾ ਲਾ ਵਿਸਤਾ’ ਦੇ ਨਾਮ ਹੇਠ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਹ ਪਾਰਟੀ ਵਿਦਿਆਰਥੀਆਂ ਦੀ ਯਾਦਗਾਰੀ ਯਾਤਰਾ ਨੂੰ ਸਮਰਪਿਤ ਸੀ। ਪਾਰਟੀ ਦਾ ਸ਼ੁਰੂਆਤ ਪ੍ਰਿੰਸੀਪਲ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ’ਚ ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਚੰਗੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਨੇ ਕਿਹਾ ਕਿ ਇਹ ਸਿਰਫ ਇੱਕ ਵਿਦਾਇਗੀ ਪਲ ਨਹੀਂ, ਸਗੋਂ ਤੁਹਾਡੀ ਜੀਵਨ ਯਾਤਰਾ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਅਸੀਂ ਤੁਹਾਡੇ ਸਫ਼ਲਤਾ ਭਰੇ ਭਵਿੱਖ ਦੀ ਕਾਮਨਾ ਕਰਦੇ ਹਾਂ। ਪਾਰਟੀ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਪ੍ਰਸਤੁਤੀਆਂ ਪੇਸ਼ ਕੀਤੀਆਂ। ਵਿਦਿਆਰਥੀਆਂ ਨੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਕਪਿਲ ਮਿੱਤਲ ਤੇ ਪ੍ਰਧਾਨ ਨਿਸ਼ੀ ਮਿੱਤਲ ਨੂੰ ਵਿਸ਼ੇਸ਼ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਪ੍ਰਬੰਧਨ ਨੇ ਸਦਾ ਹੀ ਸਾਨੂੰ ਸਹਿਯੋਗ ਦਿੱਤਾ ਹੈ ਤੇ ਇਹ ਯਾਦਗਾਰੀ ਪਾਰਟੀ ਉਨ੍ਹਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਪ੍ਰਿੰਸੀਪਲ ਸਰਬਜੀਤ ਕੌਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦੀ ਪ੍ਰੇਰਨਾ ਸਾਨੂੰ ਸਿਰਫ ਅਧਿਆਪਨ ਹੀ ਨਹੀਂ ਸਿਖਾਉਂਦੀ, ਸਗੋਂ ਜੀਵਨ ਦੇ ਅਹਿਮ ਪਾਠ ਵੀ ਪੜ੍ਹਾਉਂਦੀ ਹੈ। ਇਸ ਦੇ ਨਾਲ ਹੀ ਕੋਆਰਡੀਨੇਟਰ ਸ਼ੁਭਜਿੰਦਰ ਕੌਰ ਦੀ ਮਿਹਨਤ ਤੇ ਸਹਿਯੋਗ ਲਈ ਵੀ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਖੂਬ ਪ੍ਰਸ਼ੰਸਾ ਦੇ ਸ਼ਬਦ ਸਾਂਝੇ ਕੀਤੇ। ਪਾਰਟੀ ਦਾ ਮੁੱਖ ਆਕਰਸ਼ਣ ਮਿਸ ਫੇਅਰਵੈੱਲ ਮਿਸ ਹਰਪ੍ਰੀਤ ਕੌਰ ਤੇ ਮਿਸਟਰ ਫੇਅਰਵੈੱਲ ਜਸ਼ਨਦੀਪ ਸਿੰਘ ਦੀ ਘੋਸ਼ਣਾ ਸੀ। ਦੋਵੇਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਤਿਭਾਵਾਂ ਤੇ ਸੰਭਾਵਨਾਵਾਂ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਾਰੇ ਸਹਿਪਾਠੀਆਂ ਨੇ ਉਨ੍ਹਾਂ ਦੀ ਸਫਲਤਾ ਲਈ ਤਾੜ੍ਹੀਆਂ ਵਜਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੌਕੇ ਸੀਨੀਅਰ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਤੇ ਜੂਨੀਅਰ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਤੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪਾਰਟੀ ’ਚ ਸਜਾਵਟਾਂ ਤੇ ਯਾਦਗਾਰੀ ਤਸਵੀਰਾਂ ਨਾਲ ਖੂਬ ਰੌਣਕ ਬਣੀ ਰਹੀ। ਪਾਰਟੀ ਦੇ ਅਖੀਰ ’ਚ ਸਾਰੇ ਵਿਦਿਆਰਥੀਆਂ ਨੂੰ ਯਾਦਗਾਰੀ ਸਨਮਾਨ ਪੱਤਰ ਦਿੱਤੇ ਗਏ। ‘ਹਾਸਤਾ ਲਾ ਵਿਸਤਾ’ ਪਾਰਟੀ ਸਾਰੇ ਵਿਦਿਆਰਥੀਆਂ ਲਈ ਖੁਸ਼ੀ, ਯਾਦਾਂ ਤੇ ਨਵੇਂ ਸੰਕਲਪਾਂ ਨਾਲ ਭਰਪੂਰ ਰਹੀ। ਪ੍ਰੋਗਰਾਮ ਦੇ ਆਖਰੀ ਪਲਾਂ ’ਚ ਸਾਰੇ ਸਾਥੀਆਂ ਨੇ ਇਹ ਵਾਕ ਦੁਹਰਾਏ, ‘ਇਹ ਅਲਵਿਦਾ ਨਹੀਂ, ਸਗੋਂ ਨਵੇਂ ਸਫਰ ਦੀ ਸ਼ੁਰੂਆਤ ਹੈ।

Posted By: Daily Suraj Bureau

Latest News