Daily Suraj

ਪੰਜਾਬੀ

ਸਮਾਣਾ ਨਗਰ ਕੌਂਸਲ ਦੇ ਪ੍ਰਧਾਨ ਵਿਰੁੱਧ ਹੋਏ 14 ਕੌਂਸਲਰ

06 Feb, 2025 05:30 AM

ਸਮਾਣਾ : ਕੁਝ ਸਮੇਂ ਤੋਂ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਨੂੰ ਬਦਲਣ ਦੀ ਕੋਸ਼ਿਸ਼ ਨੇ ਉਸ ਸਮੇਂ ਤੂਲ ਫੜ੍ਹ ਲਿਆ, ਜਦੋਂ 14 ਕੌਂਸਲਰਾਂ ਨੇ ਇੱਕਜੁਟ ਹੁੰਦੇ ਹੋਏ ਮੌਜੂਦਾ ਪ੍ਰਧਾਨ ਵਿਰੁੱਧ ਬੇਭਰੋਸਗੀ ਲਈ ਪੱਤਰ ਕਾਰਜ ਸਾਧਕ ਅਫ਼ਸਰ ਸਮਾਣਾ ਨੂੰ ਸੌਪ ਦਿੱਤਾ। ਇਸ ਮੌਕੇ ਕੌਂਸਲਰਾਂ ਨੇ ਕਿਹਾ ਕਿ ਮੌਜੂਦਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ ਪਿਛਲੇ ਕਾਫੀ ਸਮੇਂ ਤੋਂ ਨਗਰ ਕੌਂਸਲ ਵਿਖੇ ਨਹੀ ਆ ਰਹੇ।

ਜਿਸ ਕਾਰਨ ਸ਼ਹਿਰ ’ਚ ਵਿਕਾਸ ਦੇ ਸਾਰੇ ਕੰਮ ਰੁਕੇ ਪਏ ਹਨ। ਇਸ ਕਾਰਨ ਮੌਜੂਦਾ ਕੌਂਸਲਰਾਂ ਵੱਲੋਂ ਮੌਜੂਦਾ ਪ੍ਰਧਾਨ ਵਿਰੁੱਧ ਅਵਿਸ਼ਵਾਸ ਦਾ ਮਤਾ ਪਾ ਕੇ ਕਾਰਜ ਸਾਧਕ ਅਫ਼ਸਰ ਨੂੰ ਦਿੱਤਾ ਹੈ ਤੇ ਮੌਜੂਦਾ ਪ੍ਰਧਾਨ ਨੂੰ ਉਸ ਦੇ ਅਹੁਦੇ ਤੋਂ ਹਟਾਉਣ ਲਈ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਕਾਂਗਰਸ ਸਰਕਾਰ ਸਮੇਂ ਕਰੀਬ 4 ਸਾਲ ਪਹਿਲਾਂ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਤੇ ਸਮੂਹ 21 ਕੌਂਸਲਰਾਂ ਜਿਨ੍ਹਾਂ ’ਚ 11 ਮਰਦ ਤੇ 10 ਔਰਤਾਂ ਹਨ, ਵੱਲੋਂ ਬਹੁਮਤ ਨਾਲ ਅਸ਼ਵਨੀ ਗੁਪਤਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੁਝ ਸਮਾਂ ਪਹਿਲਾ 6 ਕੌਂਸਲਰ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ।

ਉਸ ਤੋਂ ਬਾਅਦ ਲੰਘੇ ਸਾਲ ’ਚ ਹੋਈਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਇਆ ਇੱਕ ਕੌਂਸਲਰ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਲ ਹੋ ਗਿਆ ਸੀ ਤੇ ਇੱਕ ਕੌਸਲਰ ਦੀ ਸੜਕ ਹਾਦਸੇ ’ਚ ਮੌਤ ਹੋਣ ਤੋਂ ਬਾਅਦ ਵਾਰਡ ਖਾਲੀ ਹੋ ਜਾਣ ਕਰ ਕੇ ਕੁਝ ਸਮਾਂ ਪਹਿਲਾਂ ਦੁਬਾਰਾ ਹੋਈ ਚੋਣ ’ਚ ਉਸ ਦੇ ਭਰਾ ਨੂੰ ਬਿਨਾਂ ਮੁਕਾਬਲੇ ਕੌਂਸਲਰ ਚੁਣਿਆ ਗਿਆ ਸੀ। ਹੁਣ 14 ਕੌਂਸਲਰਾਂ ਨੇ ਮੌਜੂਦਾ ਨਗਰ ਕੌਸਲ ਦੇ ਪ੍ਰਧਾਨ ਅਸ਼ਵਨੀ ਗੁਪਤਾ ਵਿਰੁੱਧ ਅਵਿਸ਼ਵਾਸ ਦਾ ਮਤਾ ਪਾ ਕੇ ਦਿੱਤਾ ਹੈ।

Latest News