Daily Suraj

ਪੰਜਾਬੀ

ਵੁਆਇਸ ਆੱਫ਼ ਮਾਨਸਾ ਨੇ ਸਰਹਿੰਦ ਵੱਲ ਜਾਂਦੇ ਵਾਹਨਾਂ ’ਤੇ ਰਿਫ਼ਲੈਕਟਰ ਲਗਾਏ

27 Dec, 2024 05:30 AM

ਮਾਨਸਾ : ਮਾਨਸਾ ਕੈਂਚੀਆਂ ਵਿਖੇ ਵਾਇਸ ਆਫ ਮਾਨਸਾ ਦੇ ਸੀਨੀਅਰ ਮੈਂਬਰ ਬਲਜੀਤ ਸਿੰਘ ਸੂਬਾ ਦੇ ਬਾਜਵਾ ਪਰਿਵਾਰ ਵੱਲੋਂ ਲਗਾਏ ਗਏ ਲੰਗਰ ਮੌਕੇ ਉਥੇ ਰੁਕਣ ਵਾਲੇ ਹਰ ਵਹੀਕਲ ਦੇ ਪਿੱਛੇ ਅਤੇ ਅੱਗੇ ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿਚ ਸੰਸਥਾ ਮੈਂਬਰਾਂ ਵੱਲੋਂ ਰਿਫ਼ਲੈਕਟਰ ਲਗਾਉਣ ਦੀ ਸੇਵਾ ਨਿਭਾਈ ਗਈ। ਇਸ ਮੌਕੇ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਦੀਆਂ ਵਿਚ ਧੁੰਦ ਕਰਕੇ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਵਿਚ ਕਮੀ ਲਿਆਉਣ ਅਤੇ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਸੈਂਕੜਿਆਂ ਦੀ ਗਿਣਤੀ ਵਿਚ ਰਿਫ਼ਲੈਕਟਰ ਲਗਾਉਣ ਦੀ ਸੇਵਾ ਨਿਭਾਈ ਜਾਂਦੀ ਹੈ। ਇਸ ਤਹਿਤ ਦੋ ਹਫ਼ਤੇ ਸ਼ਹਿਰ ਵਿਚ ਵੀ ਕਮਰਸ਼ੀਅਲ ਵਾਹਨਾਂ ਤੇ ਟ੍ਰੈਫ਼ਿਕ ਪੁਲਿਸ ਅਤੇ ਆਮ ਲੋਕਾਂ ਦੀ ਮੱਦਦ ਨਾਲ ਰਿਫ਼ਲੈਕਟਰ ਲਗਾਏ ਜਾਂਦੇ ਹਨ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਮਾਨਸਾ ਇਲਾਕੇ ਵਿਚ ਬਾਜਵਾ ਪ੍ਰੀਵਾਰ ਵਲੋਂ ਲਗਾਏ ਇਸ ਲੰਗਰ ਵਿਚ ਦਸਤਾਰਾਂ ਦੀ ਵੰਡ ਵੀ ਕੀਤੀ ਗਈ ਹੈ, ਜਿਸਦੀ ਵਿਲੱਖਣਤਾ ਇਹ ਰਹੀ ਕਿ ਬਹੁਤ ਸਾਰੇ ਪੱਗਾਂ ਬੰਨ੍ਹਣ ਦੇ ਮਾਹਿਰਾਂ ਨੇ ਸਰਹਿੰਦ ਦੇ ਸ਼ਹੀਦੀ ਜੋੜ ਮੇਲੇ ਵਿਚ ਸ਼ਾਮਿਲ ਹੋਣ ਜਾ ਰਹੀ ਸੰਗਤ ਵਿਚ ਸ਼ਾਮਲ ਨੌਜਵਾਨਾਂ ਦੇ ਉਨ੍ਹਾਂ ਦੀ ਪਸੰਦ ਦੇ ਰੰਗਾਂ ਦੀਆਂ ਪੱਗਾਂ ਬੰਨ੍ਹੀਆਂ ਅਤੇ ਉਨ੍ਹਾਂ ਨੂੰ ਪੱਗ ਦੀ ਅਹਿਮੀਅਤ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਦਸਤਾਰਾਂ ਅਤੇ ਦੇਸੀ ਘਿਓ ਦੇ ਪ੍ਰਸ਼ਾਦਿਆਂ ਦੇ ਲੰਗਰ ਦੇ ਪ੍ਰਬੰਧ ਕਰਨ ਵਾਲੇ ਬਲਜੀਤ ਸਿੰਘ ਸੂਬਾ ਨੇ ਕਿਹਾ ਕਿ ਉਨ੍ਹਾਂ ਵਲੋਂ ਚਾਹ ਪਾਣੀ ਦੇ ਨਾਲ ਦਸਤਾਰਾਂ ਦਾ ਲੰਗਰ ਸਿੱਖ ਧਰਮ ਵਿਚ ਦਸਤਾਰ ਦੇ ਮਹੱਤਵ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਹੀ ਲਗਾਇਆ ਜਾਂਦਾ ਹੈ ਅਤੇ ਇਸ ਵਿਚ ਜਦ ਸਭ ਧਰਮਾਂ ਦੇ ਲੋਕ ਸ਼ਾਮਿਲ ਹੋ ਜਾਂਦੇ ਹਨ ਤਾਂ ਇਹ ਸਰਬੱਤ ਦੇ ਭਲੇ ਦਾ ਹੋਕਾ ਦਿੰਦਾ ਹੈ। ਇਸ ਮੌਕੇ ਸੰਸਥਾ ਦੇ ਮੈਂਬਰ ਓਮ ਪ੍ਰਕਾਸ਼ ਜਿੰਦਲ, ਸ਼ੰਭੂ ਨਾਥ ਗਰਗ, ਦਰਸ਼ਨਪਾਲ ਗਰਗ, ਨਰੇਸ਼ ਬਿਰਲਾ, ਰਮੇਸ਼ ਜਿੰਦਲ, ਤਰਸੇਮ ਜੋਗਾ, ਵਿਸ਼ਵਦੀਪ ਬਰਾੜ ਵਲੋਂ ਵਾਹਨਾਂ ਤੇ ਰਿਫਲੈਕਟਰ ਲਗਾਉਣ ਦੀ ਸੇਵਾ ਨਿਭਾਈ। ਇਸ ਮੌਕੇ ਆਈ ਐਮ ਏ ਮਾਨਸਾ ਦੇ ਸਕੱਤਰ ਅਤੇ ਵੁਆਇਸ ਆਫ ਮਾਨਸਾ ਦੇ ਸੀਨੀਅਰ ਮੈਂਬਰ ਡਾ ਸ਼ੇਰਜੰਗ ਸਿੰਘ ਸਿੱਧੂ ਨੇ ਸੰਗਤਾਂ ਨੂੰ ਆਪਣੇ ਪਰਿਵਾਰ ਸਮੇਤ ਲੰਗਰ ਛਕਾਉਣ ਦੀ ਸੇਵਾ ਨਿਭਾਈ। ਚਾਹ ਮਿੱਸੇ ਪ੍ਰਸ਼ਾਦਿਆਂ ਅਤੇ ਦਸਤਾਰਾਂ ਦਾ ਇਹ ਲੰਗਰ ਹਰ ਸਾਲ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਦਗਾਰੀ ਹੋ ਨਿੱਬੜਿਆ।

Posted By: Daily Suraj Bureau

Latest News