Daily Suraj

ਪੰਜਾਬੀ

ਹਰ ਸਿਹਤ ਕਾਮਾ ਸਿਹਤ ਕੇਂਦਰਾਂ ’ਚ ਸੁਧਾਰ ਲਈ ਤਹੱਈਆ ਕਰੇ : ਡਾ. ਅਨਿਲ ਗੋਇਲ, ਸੰਸਥਾ ਦਾ ਸੁਧਾਰ ਆਪਣੀ ਸ਼ਖ਼ਸ਼ੀਅਤ ਦਾ ਵੀ ਸੁਧਾਰ

09 Jan, 2025 05:30 AM

ਐੱਸਏਐੱਸ ਨਗਰ : ਸਰਕਾਰੀ ਸਿਹਤ ਸੰਸਥਾਵਾਂ ’ਚ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਬਿਹਤਰ ਅਤੇ ਹੋਰ ਮਿਆਰੀ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਸਮਾਜ ਪ੍ਰਤੀ ਫ਼ਿਕਰਮੰਦੀ ਜ਼ਾਹਰ ਕਰਦਿਆਂ ਮਿਲ-ਜੁਲ ਕੇ ਹੰਭਲਾ ਮਾਰਨ ਦੀ ਲੋੜ ਹੈ।’ ਇਹ ਗੱਲ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ, ਡਾ. ਅਨਿਲ ਗੋਇਲ ਨੇ ਦੋ ਦਿਨਾਂ ਜ਼ਿਲ੍ਹਾ ਪੱਧਰੀ ਟਰੇਨਿੰਗ ਪ੍ਰੋਗਰਾਮ ’ਚ ਮੌਜੂਦ ਸਿਹਤ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਟਰੇਨਿੰਗ ਪ੍ਰੋਗਰਾਮ ਦਾ ਮੁੱਖ ਮੰਤਵ ਸਰਕਾਰੀ ਸਿਹਤ ਸੰਸਥਾਵਾਂ ਦੀ ਗੁਣਵੱਤਾ ’ਚ ਹੋਰ ਸੁਧਾਰ ਲਿਆਉਣਾ ਅਤੇ ਸਿਹਤ ਕੇਂਦਰਾਂ ਦੇ ਐੱਨਕਿਊਏਐੱਸ ਪ੍ਰਮਾਣੀਕਰਨ ਵਾਸਤੇ ਮਾਪਦੰਡਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ। ਟਰੇਨਿੰਗ ’ਚ ਕਾਇਆਕਲਪ ਪ੍ਰੋਗਰਾਮ ਦੇ ਨੋਡਲ ਅਫ਼ਸਰਾਂ ਅਤੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਹਿੱਸਾ ਲਿਆ। ਡਾ. ਗੋਇਲ ਨੇ ਕਿਹਾ ਕਿ ਹਰ ਸੰਸਥਾ ਅਤੇ ਖੇਤਰ ’ਚ ਸੁਧਾਰ ਦੀ ਗੁੰਜਾਇਸ਼ ਹਮੇਸ਼ਾਂ ਹੀ ਰਹਿੰਦੀ ਹੈ ਅਤੇ ਜੇ ਪੱਕਾ ਤਹਈਆ ਕਰ ਲਿਆ ਜਾਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਹਰ ਸਿਹਤ ਕਾਮੇ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਉਹ ਜਿਥੇ ਵੀ ਕੰਮ ਕਰਦਾ ਹੈ, ਉਥੇ ਵੱਖ-ਵੱਖ ਤਰ੍ਹਾਂ ਦੇ ਸੁਧਾਰ ਕਰੇ। ਕਿਸੇ ਵੀ ਸੰਸਥਾ ਦਾ ਸੁਧਾਰ ਕਰਨਾ ਇਕ ਤਰ੍ਹਾਂ ਨਾਲ ਆਪਣੀ ਹੀ ਸ਼ਖ਼ਸੀਅਤ ਦਾ ਵੀ ਸੁਧਾਰ ਕਰਨਾ ਹੈ। ਸਰਕਾਰੀ ਸਿਹਤ ਸੰਸਥਾਵਾਂ ਦੀ ਨੁਹਾਰ ਬਦਲਣਾ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਵੱਡੇ ਪਰਉਪਕਾਰ ਵਾਲੀ ਗੱਲ ਹੈ, ਜਿਸ ਦਾ ਫ਼ਾਇਦਾ ਆਮ ਲੋਕਾਂ ਨੂੰ ਹੁੰਦਾ ਹੈ। ਡਾ. ਗੋਇਲ ਨੇ ਸਿਹਤ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਇਸ ਟਰੇਨਿੰਗ ਵਿੱਚੋਂ ਅਹਿਦ ਲੈ ਕੇ ਜਾਣ ਕਿ ਬੇਸ਼ੱਕ ਉਨ੍ਹਾਂ ਕੋਲ ਸਾਧਨਾਂ ਦੀ ਘਾਟ ਹੋਵੇ ਪਰ ਇਸ ਦੇ ਬਾਵਜੂਦ ਉਹ ਆਪੋ-ਆਪਣੀ ਸਿਹਤ ਸੰਸਥਾ ਦਾ ਮਿਆਰ ਉੱਚਾ ਚੁੱਕਣ ਵਾਸਤੇ ਹੋਰ ਜ਼ਿਆਦਾ ਜ਼ਿੰਮੇਵਾਰੀ, ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ। ਟਰੇਨਿੰਗ ਪ੍ਰੋਗਰਾਮ ਨੂੰ ਮੁਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ, ਸਹਾਇਕ ਡਾਇਰੈਕਟਰ ਡਾ. ਵਿਕਰਾਂਤ ਨਾਗਰਾ, ਡਾ. ਨਿਤਿਆ ਕੁਮਾਰ ਦਾਸ, ਡਾ. ਸਨੇਹ ਲਤਾ, ਡਾ. ਰਿਤੂ ਭਾਟੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪ੍ਰਨੀਤ ਗਰੇਵਾਲ, ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਹਰਚਰਨ ਬਰਾੜ ਵੀ ਮੌਜੂਦ ਸਨ।

Latest News