Daily Suraj

ਪੰਜਾਬੀ

ਨਵਜੋਤ ਸਿੱਧੂ ਦੀ ਬਰਖ਼ਾਸਤਗੀ ਲਈ ਅਕਾਲੀ-ਭਾਜਪਾ ਵਰਕਰ ਸੜਕਾਂ ’ਤੇ ਉਤਰੇ

23 Oct, 2018 05:30 AM

ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਰਕਰਾਂ ਅਤੇ ਰੇਲ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਨੇ ਰੇਲ ਹਾਦਸੇ ਲਈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਕਸੂਰਵਾਰ ਠਹਿਰਾਉਂਦਿਆਂ ਅੱਜ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਸਿੱਧੂ ਜੋੜੇ ਦੇ ਪੁਤਲੇ ਫੂਕੇ।ਪ੍ਰੋ. ਸਰਚਾਂਦ ਸਿੰਘ ਨੇ ਦੱਸਿਆ ਕਿ ਇੱਥੇ ਗੋਲਡਨ ਐਵੇਨਿਊ ਰਾਮਤਲਾਈ ਤੋਂ ਜੌੜਾ ਫਾਟਕ ਤੱਕ ਕੀਤੇ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਿੱਧੂ ਜੋੜੇ ਖ਼ਿਲਾਫ਼ ਹੱਥਾਂ ਵਿਚ ਬੈਨਰ ਲੈ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਪੁਲੀਸ ਵਲੋਂ ਰੋਕੇ ਜਾਣ ਕਾਰਨ ਰੇਲ ਹਾਦਸੇ ਵਾਲੇ ਸਥਾਨ ’ਤੇ ਪਹੁੰਚਣ ਤੋਂ ਪਹਿਲਾਂ ਹੀ ਸਿੱਧੂ ਜੋੜੀ ਦੇ ਪੁਤਲੇ ਫੂਕਣੇ ਪਏ। ਇਸ ਮੌਕੇ ਬੁਲਾਰਿਆਂ ਨੇ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰਨ, ਪੀੜਤ ਪਰਿਵਾਰਾਂ ਨੂੰ ਇਕ-ਇਕ ਕਰੋੜ ਮੁਆਵਜ਼ਾ ਅਤੇ ਪਰਿਵਾਰਕ ਮੈਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕੀਤੀ। ਹਾਜ਼ਰ ਔਰਤਾਂ ਵੱਲੋਂ ਸਿੱਧੂ ਜੋੜੀ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਬੁਲਾਰਿਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਦਰਦਨਾਕ ਹਾਦਸਾ ਭੁੱਲਣਯੋਗ ਨਹੀਂ ਹੈ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਅਕਾਲੀ-ਭਾਜਪਾ ਦਾ ਫਰਜ਼ ਹੈ। ਉਨ੍ਹਾਂ ਰੇਲ ਹਾਦਸੇ ਸਬੰਧੀ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਹਾਈ ਕੋਰਟ ਦੇ ਮੌਜੂਦਾ ਜੱਜ ਰਾਹੀਂ ਜੁਡੀਸ਼ਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਭਾਰਤੀ ਰੇਲਵੇ ਨੂੰ ਦੋਸ਼ੀ ਦੱਸ ਕੇ ਸਿੱਧੂ ਜੋੜੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਅਕਾਲੀ ਦਲ ਅੰਦੋਲਨ ਤੇਜ਼ ਕਰੇਗਾ।ਇਸ ਮੌਕੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ, ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਜਨਰਲ ਸਕਤਰ ਤਲਬੀਰ ਸਿੰਘ ਗਿੱਲ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ, ਡਾ. ਦਲਬੀਰ ਸਿੰਘ ਵੇਰਕਾ, ਰਣਬੀਰ ਸਿੰਘ ਰਾਣਾ ਲੋਪੋਕੇ, ਕਿਰਨਪ੍ਰੀਤ ਸਿੰਘ ਮੋਨੂ, ਅਜੈਬੀਰ ਸਿੰਘ ਰੰਧਾਵਾ, ਦਿਲਬਾਗ ਸਿੰਘ ਵਡਾਲੀ, ਭਾਈ ਰਾਮ ਸਿੰਘ, ਮੇਜਰ ਸ਼ਿਵੀ, ਦਿਲਬਾਗ ਕੌਂਸਲਰ ਆਦਿ ਮੌਜੂਦ ਸਨ।

Posted By: Daily Suraj Bureau

Latest News