Daily Suraj

ਪੰਜਾਬੀ

ਡੀਸੀ ਆਸ਼ਿਕਾ ਜੈਨ ਨੇ ਪੁਰਬ ਪ੍ਰੀਮੀਅਮ ਅਪਾਰਟਮੈਂਟਸ ਦਾ ਦੌਰਾ ਕੀਤਾ, ਜ਼ਿਲ੍ਹਾ ਅਧਿਕਾਰੀਆਂ ਨੂੰ ਜਲਦੀ ਹੀ ਰਹਿਣ ਲਈ ਘਰ ਮਿਲਣਗੇ

08 Jan, 2025 05:30 AM

ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੁਹਾਲੀ ਵਿਖੇ ਪੁਰਬ ਪ੍ਰੀਮੀਅਮ ਅਪਾਰਟਮੈਂਟਸ ਦਾ ਦੌਰਾ ਕਰਕੇ ਭਗਵੰਤ ਮਾਨ ਸਰਕਾਰ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਰਕਾਰੀ ਰਿਹਾਇਸ਼ਾਂ ਦੇਣ ਲਈ ਖ਼ਰੀਦੇ ਗਏ ਫਲੈਟਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਨ੍ਹਾਂ ਫਲੈਟਾਂ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਤੋਂ ਲਗਭਗ 167 ਟਾਈਪ 3 ਅਤੇ ਟਾਈਪ 2 ਫਲੈਟ ਖ਼ਰੀਦੇ ਗਏ ਹਨ, ਜੋ ਜਲਦੀ ਹੀ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਪ੍ਰਸ਼ਾਸਨਿਕ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨਾਲ ਇਨ੍ਹਾਂ ਫਲੈਟਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਰਕਾਰੀ ਮਕਾਨਾਂ ਦੀ ਮੰਗ ਅਨੁਸਾਰ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਦੀ ਜਾਂਚ ਕਰਨ ਲਈ ਕਿਹਾ ਗਿਆ। ਲੋਕ ਨਿਰਮਾਣ ਵਿਭਾਗ ਦੀ ਟੀਮ ਵਿੱਚ ਸਿਵਲ ਅਤੇ ਇਲੈਕਟ੍ਰੀਕਲ ਵਿੰਗ ਦੇ ਅਧਿਕਾਰੀਆਂ ਤੋਂ ਇਲਾਵਾ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ। ਡੀਸੀ ਨੇ ਕਿਹਾ ਕਿ ਮੁਹਾਲੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸਰਕਾਰੀ ਰਿਹਾਇਸ਼ ਦੀ ਮੰਗ ਨੂੰ ਪੰਜਾਬ ਸਰਕਾਰ ਦੀ ਪਹਿਲਕਦਮੀ ਨਾਲ ਜਲਦੀ ਹੀ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਰਾਜ ਸਰਕਾਰ ਦੇ ਮਕਾਨ ਅਲਾਟਮੈਂਟ ਨਿਯਮਾਂ ਅਨੁਸਾਰ ਵਿਚਾਰਿਆ ਜਾ ਸਕੇ। ਜ਼ਿਲ੍ਹਾ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਵੱਲੋਂ ਸੂਬਾਈ ਅਧਿਕਾਰੀਆਂ ਨੂੰ ਵੀ ਕੁਝ ਫਲੈਟ ਅਲਾਟ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਏਡੀਸੀ ਵਿਰਾਜ ਐੱਸ ਤਿੜਕੇ, ਐੱਸਡੀਐੱਮ ਦਮਨਦੀਪ ਕੌਰ, ਸਹਾਇਕ ਕਮਿਸ਼ਨਰ ਡਾ. ਅੰਕਿਤਾ ਕਾਂਸਲ ਵੀ ਮੌਜੂਦ ਸਨ।

Posted By: Daily Suraj Bureau

Latest News