Punjab–ਹਰਿਆਣਾ ਹਾਈ ਕੋਰਟ ’ਚ ਕੰਮਕਾਜ ਮੁੜ ਸ਼ੁਰੂ, ਵਕੀਲਾਂ ਨੇ ਹੜਤਾਲ ਵਾਪਸ ਲਈ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਿਛਲੇ ਕੁਝ ਦਿਨਾਂ ਤੋਂ ਵਕੀਲਾਂ ਦੀ ਹੜਤਾਲ ਚੱਲ ਰਹੀ ਸੀ। ਇਹ ਹੜਤਾਲ ਅੱਜ ਖਤਮ ਹੋ ਗਈ ਹੈ।ਬਾਰ ਐਸੋਸੀਏਸ਼ਨ ਨੇ ਆਪਣੀ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹੁਣ 19 ਦਸੰਬਰ ਤੋਂ ਅਦਾਲਤੀ ਕੰਮਕਾਜ ਮੁੜ ਤੋਂ ਸ਼ੁਰੂ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਹਿਸਾਰ ‘ਚ ਇਕ ਵਕੀਲ ਨਾਲ ਹੋਈ ਪੁਲਿਸ ਦੀ ਬਦਸਲੂਕੀ ਤੋਂ ਬਾਅਦ ਇਹ ਹੜਤਾਲ ਸ਼ੁਰੂ ਕੀਤੀ ਗਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਇੱਕ ਵਕੀਲ ‘ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਹਿਸਾਰ ਸੀਆਈਏ-1 ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਕੰਮ ਕਾਜ ਠੱਪ ਰੱਖਿਆ ਗਿਆ ਸੀ । ਹੁਣ ਐਸੋਸੀਏਸ਼ਨ ਵੱਲੋਂ ਉਠਾਈਆਂ ਗਈਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਸੀ. ਆਈ. ਏ.-1, ਹਿਸਾਰ ਦੇ ਅਧਿਕਾਰੀਆਂ ਨੂੰ ਐੱਫ. ਆਈ. ਆਰ. ‘ਚ ਨਾਮਜ਼ਦ ਕੀਤਾ ਗਿਆ ਹੈ ਅਤੇ ਅਸਲਾ ਐਕਟ ਸਮੇਤ ਕਾਨੂੰਨ ਦੀਆਂ ਸਬੰਧਿਤ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਹਿਸਾਰ ਪੁਲਿਸ ਪ੍ਰਸ਼ਾਸਨ ਨੇ ਮੁਲਜ਼ਮ ਐਸ.ਐਚ.ਓ. ਦੇ ਖਿਲਾਫ਼ ਕਾਰਵਾਈ ਕੀਤੀ ਹੈ ਅਤੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ ਹੈ। ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਵਕੀਲਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ।
Posted By: Daily Suraj Bureau