ਪੁਲੀਸ ਬਲ ਦੀ ਕਾਰਜਕੁਸ਼ਲਤਾ ਦਾ ਮੁਲਾਂਕਣ, ਹਫ਼ਤਾਵਾਰੀ ਪਰੇਡ ਦੌਰਾਨ ਖਾਸ ਧਿਆਨ
ਫਤਿਹਾਬਾਦ ਦੀ ਪੁਲੀਸ ਲਾਈਨਜ਼ ਵਿੱਚ ਹਫ਼ਤਾਵਾਰੀ ਪੁਲੀਸ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਜ਼ਿਲ੍ਹਾ ਪੁਲੀਸ ਬਲ ਦੀ ਤਿਆਰੀ, ਅਨੁਸ਼ਾਸਨ ਅਤੇ ਕਾਰਜਕੁਸ਼ਲਤਾ ਦਾ ਵਿਸਥਾਰ ਨਾਲ ਮੁਲਾਂਕਣ ਕੀਤਾ ਗਿਆ। ਪਰੇਡ ਦੌਰਾਨ ਪੁਲੀਸ ਕਰਮਚਾਰੀਆਂ ਵੱਲੋਂ ਸਰੀਰਕ ਤੰਦਰੁਸਤੀ, ਇਕਸਾਰਤਾ ਅਤੇ ਚੌਕਸੀ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ। ਸਹਾਇਕ ਸੁਪਰਡੈਂਟ ਆਫ ਪੁਲੀਸ ਦਿਵਯਾਂਸ਼ੀ ਸਿੰਗਲਾ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਕਰਮਚਾਰੀਆਂ ਦੀ ਡ੍ਰਿਲ, ਟਰਨਆਉਟ ਅਤੇ ਆਪਸੀ ਤਾਲਮੇਲ ਨੂੰ ਧਿਆਨ ਨਾਲ ਪਰਖਿਆ। ਨਿਰੀਖਣ ਦੌਰਾਨ ਏ ਐੱਸ ਪੀ ਸਿੰਗਲਾ ਨੇ ਪੁਲੀਸ ਮੁਲਾਜ਼ਮਾਂ ਨੂੰ ਨਿਯਮਤ ਅਭਿਆਸ ਅਤੇ ਅਨੁਸ਼ਾਸਿਤ ਦਿਨਚਰਿਆ ਕਾਇਮ ਰੱਖਣ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਨੁਸ਼ਾਸਨ, ਚੌਕਸੀ ਅਤੇ ਮਾਨਸਿਕ ਮਜ਼ਬੂਤੀ ਪ੍ਰਭਾਵਸ਼ਾਲੀ ਪੁਲਿਸਿੰਗ ਦੀ ਬੁਨਿਆਦ ਹੁੰਦੀ ਹੈ। ਉਨ੍ਹਾਂ ਨੇ ਪੁਲੀਸ ਬਲ ਨੂੰ ਆਪਣੀ ਡਿਊਟੀ ਦੌਰਾਨ ਸੰਵੇਦਨਸ਼ੀਲ ਰਵੱਈਆ ਅਪਣਾਉਣ ਅਤੇ ਆਮ ਜਨਤਾ ਨਾਲ ਸੁਹਿਰਦ ਅਤੇ ਭਰੋਸੇਯੋਗ ਸਬੰਧ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਪਰੇਡ ਤੋਂ ਬਾਅਦ ਏ ਐੱਸ ਪੀ ਨੇ ਐਮਰਜੈਂਸੀ ਰਿਸਪਾਂਸ ਵਹੀਕਲ (ਈ ਆਰ ਵੀ) ਰਾਈਡਰਾਂ ਅਤੇ ਪੀ ਸੀ ਆਰ ਯੂਨਿਟਾਂ ਦੀ ਤਾਇਨਾਤੀ ਅਤੇ ਕੰਮਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਹਦਾਇਤ ਦਿੱਤੀ ਕਿ ਲੋਕਾਂ ਨੂੰ ਤੁਰੰਤ ਸਹਾਇਤਾ ਦੇਣ ਲਈ ਰਿਸਪਾਂਸ ਟਾਈਮ ਹੋਰ ਸੁਧਾਰਿਆ ਜਾਵੇ ਅਤੇ ਮੈਦਾਨੀ ਸਰਗਰਮੀਆਂ ਵਧਾਈਆਂ ਜਾਣ। ਇਸ ਮੌਕੇ ਉਨ੍ਹਾਂ ਨੇ ਪੁਲੀਸ ਕਰਮਚਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਤੁਰੰਤ ਨਿਪਟਾਰੇ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲੀਸ ਫੋਰਸ ਦਾ ਮਨੋਬਲ ਅਤੇ ਭਲਾਈ ਵਿਭਾਗ ਦੀ ਸਭ ਤੋਂ ਵੱਡੀ ਤਰਜੀਹ ਹੈ। ਪਰੇਡ ਦੌਰਾਨ ਹੋਰ ਪੁਲੀਸ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ।
Posted By: Daily Suraj Bureau