Daily Suraj

ਪੰਜਾਬੀ

ਅਜਨਾਲਾ ਝੜਪ ਮਾਮਲੇ ਦਾ ਫਰਾਰ ਮੁਲਜ਼ਮ ਵਿਕਰਮਜੀਤ ਸਿੰਘ ਯੂ.ਪੀ. ਵਿੱਚ ਗ੍ਰਿਫ਼ਤਾਰ

24 Jul, 2026 05:54 PM

ਸਾਲ 2023 ਦੇ ਚਰਚਿਤ ਅਜਨਾਲਾ ਥਾਣਾ ਝੜਪ ਮਾਮਲੇ ਵਿੱਚ ਲੋੜੀਂਦੇ ਅਤੇ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਮੁਲਜ਼ਮ ਵਿਕਰਮਜੀਤ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲੀਸ ਨੇ ਨੇਪਾਲ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਵਿਕਰਮਜੀਤ ਸਿੰਘ ‘ਵਾਰਿਸ ਪੰਜਾਬ ਦੇ’ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ। ਇਸ ਕਾਰਵਾਈ ਦੌਰਾਨ ਇੱਕ ਅਮਰੀਕੀ ਨਾਗਰਿਕ ਮਨਵੀਰ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਨੇ ਦੋਵਾਂ ਦੀ ਗੈਰ-ਕਾਨੂੰਨੀ ਦਾਖ਼ਲੇ ਵਿੱਚ ਮਦਦ ਕਰਨ ਦੇ ਦੋਸ਼ ਹੇਠ ਤਿੰਨ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਹੈ। ਪੁਲੀਸ ਅਨੁਸਾਰ, ਇਹ ਗ੍ਰਿਫ਼ਤਾਰੀਆਂ ਉਸ ਸਮੇਂ ਸਾਹਮਣੇ ਆਈਆਂ ਜਦੋਂ ਉੱਤਰ ਪ੍ਰਦੇਸ਼ ਪੁਲੀਸ ਨੇ ਇਸ ਸਬੰਧੀ ਜਾਣਕਾਰੀ ਅੰਮ੍ਰਿਤਸਰ ਦਿਹਾਤੀ ਪੁਲੀਸ ਨਾਲ ਸਾਂਝੀ ਕੀਤੀ। ਦੱਸਿਆ ਗਿਆ ਹੈ ਕਿ ਵਿਕਰਮਜੀਤ ਸਿੰਘ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਪੁਲੀਸ ਦੀ ਪਹੁੰਚ ਤੋਂ ਬਾਹਰ ਸੀ। ਇਸ ਦੌਰਾਨ ਉਹ ਮੁੰਬਈ, ਰਾਜਸਥਾਨ, ਦਿੱਲੀ ਅਤੇ ਊਧਮਪੁਰ ਸਮੇਤ ਵੱਖ-ਵੱਖ ਥਾਵਾਂ 'ਤੇ ਲੁਕਿਆ ਰਿਹਾ ਅਤੇ ਕਰੀਬ ਇੱਕ ਸਾਲ ਪਹਿਲਾਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਚਲਾ ਗਿਆ ਸੀ। ਉੱਤਰ ਪ੍ਰਦੇਸ਼ ਦੇ ਪੁਲੀਸ ਸੁਪਰਡੰਟ ਵਿਸ਼ਵਜੀਤ ਸ੍ਰੀਵਾਸਤਵ ਨੇ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਬਿਨਾਂ ਵੈਧ ਦਸਤਾਵੇਜ਼ਾਂ ਦੇ ਭਾਰਤ ਵਿੱਚ ਦਾਖ਼ਲ ਹੋਣ ਕਾਰਨ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਰੁਟੀਨ ਜਾਂਚ ਦੌਰਾਨ ਅਮਰੀਕੀ ਨਾਗਰਿਕ ਮਨਵੀਰ ਸਿੰਘ ਬਿਨਾਂ ਵੀਜ਼ਾ ਦੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਮਿਲਿਆ। ਪੁਲੀਸ ਮੁਤਾਬਕ ਦੋਵਾਂ ਕੋਲ ਭਾਰਤ ਵਿੱਚ ਦਾਖ਼ਲੇ ਲਈ ਲੋੜੀਂਦੇ ਕਾਨੂੰਨੀ ਦਸਤਾਵੇਜ਼ ਨਹੀਂ ਸਨ। ਜ਼ਿਕਰਯੋਗ ਹੈ ਕਿ ਵਿਕਰਮਜੀਤ ਸਿੰਘ ਫਰਵਰੀ 2023 ਵਿੱਚ ਅਜਨਾਲਾ ਥਾਣੇ 'ਤੇ ਹੋਏ ਪ੍ਰਦਰਸ਼ਨ ਦੌਰਾਨ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਮੌਜੂਦਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨਾਲ ਮੌਜੂਦ ਸੀ। ਇਹ ਪ੍ਰਦਰਸ਼ਨ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਨੂੰ ਇਰਾਦਾ-ਏ-ਕਤਲ ਦੇ ਮਾਮਲੇ ਵਿੱਚੋਂ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਵਿਰੁੱਧ ਪਹਿਲਾਂ ਹੀ ਗ੍ਰਿਫ਼ਤਾਰੀ ਵਾਰੰਟ ਜਾਰੀ ਸਨ। ਪੰਜਾਬ ਪੁਲੀਸ ਦੀ ਟੀਮ ਉੱਤਰ ਪ੍ਰਦੇਸ਼ ਪਹੁੰਚ ਚੁੱਕੀ ਹੈ ਅਤੇ ਕਾਨੂੰਨੀ ਕਾਰਵਾਈ ਪੂਰੀ ਕਰਕੇ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਿਕਰਮਜੀਤ ਸਿੰਘ ਯਾਤਰਾ ਲਈ ਨਕਲੀ ਆਧਾਰ ਕਾਰਡ ਦੀ ਵਰਤੋਂ ਕਰ ਰਿਹਾ ਸੀ। ਇਸ ਸਬੰਧੀ ਉੱਤਰ ਪ੍ਰਦੇਸ਼ ਪੁਲੀਸ ਨੇ ਫੌਰਨਰਜ਼ ਐਕਟ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Posted By: Daily Suraj Bureau

Latest News