ਭਾਜਪਾ–ਅਕਾਲੀ ਗੱਠਜੋੜ ’ਤੇ ਅੰਨ੍ਹਾ: ਮੋਗਾ ਰੈਲੀ ’ਚ ਅਮਿਤ ਸ਼ਾਹ ਦਾ ਵੱਡਾ ਐਲਾਨ
2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਭਾਜਪਾ ਨੇ ਅੱਜ ਮੋਗਾ ਵਿੱਚ “ਬਦਲਾਅ ਰੈਲੀ” ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੈਲੀ ਨੂੰ ਸੰਬੋਧਨ ਕੀਤਾ। ਉਹ ਕੇਸਰੀ ਰੰਗ ਦੀ ਪੱਗ ਬੰਨ੍ਹ ਕੇ ਸਟੇਜ ‘ਤੇ ਪਹੁੰਚੇ। ਭਾਜਪਾ ਆਗੂਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣਾ ਭਾਸ਼ਣ “ਬੋਲੇ ਸੋ ਨਿਹਾਲ” ਨਾਲ ਸ਼ੁਰੂ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਬਦਲਾਅ ਰੈਲੀ’ ਵਿੱਚ ਕਈ ਐਲਾਨ ਕੀਤੇ। ਉਨ੍ਹਾਂ ਅਕਾਲੀ ਦਲ ਨਾਲ ਗੱਠਜੋੜ ਦੀਆਂ ਅਟਕਲਾਂ ‘ਤੇ ਵਿਰਾਮ ਲਗਾਉਂਦਿਆਂ ਆਖਿਆ ਕਿ ਅੱਜ ਮੈਂ ਐਲਾਨ ਕਰਦਾ ਹਾਂ ਕਿ 2027 ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਚੋਣਾਂ ਲੜਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ “ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ ਹੈ ਤਾਂ ਇਸ ਨੂੰ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਹੀ ਕਰ ਸਕਦੀ ਹੈ। ਪੰਜਾਬ ਕਰਜ਼ੇ, ਨਸ਼ਿਆਂ, ਧਰਮ ਪਰਿਵਰਤਨ, ਭ੍ਰਿਸ਼ਟਾਚਾਰ ਨਾਲ ਤਬਾਹ ਹੋ ਰਿਹਾ ਹੈ। ਜੇਕਰ ਨੌਜਵਾਨਾਂ ਦੀ ਬੇਰੁਜ਼ਗਾਰੀ ਦੂਰ ਕਰਨੀ ਹੈ ਤਾਂ ਭਾਜਪਾ ਨੂੰ ਇੱਕ ਮੌਕਾ ਦੇ ਕੇ ਦੇਖੋ।” ਗ੍ਰਹਿ ਮੰਤਰੀ ਨੇ ਸਪਸ਼ਟ ਕੀਤਾ ਕਿ ਭਾਜਪਾ ਪੰਜਾਬ ਵਿੱਚ ਜੂਨੀਅਰ ਸਹਿਯੋਗੀ ਵਜੋਂ ਨਹੀਂ, ਸਗੋਂ ਆਪਣੇ ਦਮ ’ਤੇ ਸਰਕਾਰ ਬਣਾਉਣ ਦੇ ਮਕਸਦ ਨਾਲ ਮੈਦਾਨ ਵਿੱਚ ਉਤਰੇਗੀ। ਇਸ ਤੋਂ ਇਲਾਵਾ ਸ਼ਾਹ ਨੇ ਕਾਂਗਰਸ ‘ਤੇ ਹਮਲਾ ਕਰਦੇ ਹੋਏ 1984 ਦੇ ਦੰਗਿਆਂ ਦਾ ਮੁੱਦਾ ਉਠਾਇਆ ਅਤੇ ਰਾਹੁਲ ਗਾਂਧੀ ਨੂੰ ਵੀ ਨਿਸ਼ਾਨਾ ਬਣਾਇਆ। ਸ਼ਾਹ ਨੇ ਕਿਹਾ- “1984 ਦੇ ਸਿੱਖ ਦੰਗਿਆਂ ਦੇ ਖਿਲਾਫ ਸਾਡੀ ਸਰਕਾਰ ਨੇ 350 ਕੇਸ ਦਰਜ ਕੀਤੇ। ਕਾਂਗਰਸ ਨੇ ਇੱਕ ਵੀ ਨੇਤਾ ਜੇਲ੍ਹ ਵਿੱਚ ਨਹੀਂ ਕੀਤਾ, ਪਰ ਅਸੀਂ ਕੀਤੇ। ਹਰ ਸਿੱਖ ਦੰਗਾ ਪੀੜਤ ਪਰਿਵਾਰ ਨੂੰ ਸਾਡੀ ਸਰਕਾਰ ਨੇ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ।ਇਸ ਤੋਂ ਇਲਾਵਾ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਆਏ ਸਿੱਖਾਂ ਨੂੰ ਨਾਗਰਿਕਤਾ ਅਸੀਂ ਦਿੱਤੀ। ਕਰਤਾਰਪੁਰ ਕੋਰੀਡੋਰ ਅਸੀਂ ਬਣਾਇਆ। ਜਦੋਂ ਵੰਡ ਹੋਈ ਸੀ, ਜੇਕਰ ਅਸੀਂ ਉਸ ਸਮੇਂ ਹੁੰਦੇ, ਤਾਂ ਕਰਤਾਰਪੁਰ ਸਾਹਿਬ ਨੂੰ ਜਾਣ ਨਾ ਦਿੰਦੇ।” ਸ਼ਾਹ ਨੇ ਕਿਹਾ- “ਕਾਂਗਰਸ ਸਰਕਾਰ ਦੇ ਸਮੇਂ 22 ਹਜ਼ਾਰ ਕਰੋੜ ਰੁਪਏ ਦਾ ਬਜਟ ਸੀ। ਹੁਣ ਇਸ ਨੂੰ 1 ਲੱਖ 40 ਹਜ਼ਾਰ ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਹ ਭਾਜਪਾ ਦੀ ਮੋਦੀ ਸਰਕਾਰ ਨੇ ਕੀਤਾ ਹੈ। ਹਰ ਕਿਸਾਨ ਨੂੰ ਸਾਲਾਨਾ 6 ਹਜ਼ਾਰ ਰੁਪਏ ਮਿਲ ਰਹੇ ਹਨ। ਅਸੀਂ 13 ਹਜ਼ਾਰ 50 ਕਰੋੜ ਰੁਪਏ ‘ਕਿਸਾਨ ਸਨਮਾਨ ਰਾਸ਼ੀ’ ਵਜੋਂ ਦੇ ਰਹੇ ਹਾਂ।
Posted By: Daily Suraj Bureau