ਮੇਅਰ ਚੋਣਾਂ ਦਾ ਬਦਲੇਗਾ ਪੈਟਰਨ, ਕੌਂਸਲਰ ਹੱਥ ਚੁੱਕ ਕੇ ਪਾਉਣਗੇ ਵੋਟ
- ਪੰਜਾਬ
- 03 May,2025

ਚੰਡੀਗੜ੍ਹ :ਚੰਡੀਗੜ੍ਹ ਨਗਰ ਨਿਗਮ ਵਿਚ ਮੇਅਰ ਚੋਣਾਂ ਨੂੰ ਲੈ ਕੇ ਇੱਕ ਵੱਡਾ ਬਦਲਾਅ ਹੋਣ ਵਾਲਾ ਹੈ। ਸਾਲ 2026 ਤੋਂ, ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਗੁਪਤ ਵੋਟਿੰਗ ਦੁਆਰਾ ਨਹੀਂ ਸਗੋਂ ਕੌਂਸਲਰਾਂ ਦੁਆਰਾ ਹੱਥ ਖੜ੍ਹੇ ਕਰ ਕੇ ਕੀਤੀਆਂ ਜਾਣਗੀਆਂ। ਪ੍ਰਸ਼ਾਸਨ ਨੇ ਇਸ ਇਤਿਹਾਸਕ ਬਦਲਾਅ ਲਈ ਇਕ ਪ੍ਰਸਤਾਵ ਤਿਆਰ ਕੀਤਾ ਹੈ, ਜਿਸ ਨੂੰ ਅਗਲੇ ਕੁੱਝ ਦਿਨਾਂ ਵਿਚ ਪ੍ਰਵਾਨਗੀ ਲਈ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੂੰ ਭੇਜਿਆ ਜਾਵੇਗਾ।
ਪ੍ਰਸ਼ਾਸਕ ਦੀ ਪ੍ਰਵਾਨਗੀ ਤੋਂ ਬਾਅਦ, ਇਸ ਪ੍ਰਸਤਾਵ 'ਤੇ ਜਨਤਾ ਤੋਂ ਸੁਝਾਅ ਅਤੇ ਇਤਰਾਜ਼ ਮੰਗੇ ਜਾਣਗੇ। ਫਿਰ ਇੱਕ ਅੰਤਮ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਇਸ ਨੂੰ ਪੰਜਾਬ ਨਗਰ ਨਿਗਮ ਐਕਟ ਵਿਚ ਸੋਧ ਵਜੋਂ ਸ਼ਾਮਲ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ 2024 ਦੀਆਂ ਮੇਅਰ ਚੋਣਾਂ ਵਿਚ, ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ 'ਤੇ ਆਮ ਆਦਮੀ ਪਾਰਟੀ-ਕਾਂਗਰਸ ਗੱਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਦੇ ਹੱਕ ਵਿਚ ਪਾਏ ਅੱਠ ਗੁਪਤ ਵੋਟਾਂ ਨੂੰ ਜਾਣਬੁੱਝ ਕੇ ਰੱਦ ਕਰਨ ਦਾ ਦੋਸ਼ ਸੀ। ਇਹ ਸਾਰੀ ਘਟਨਾ ਕੈਮਰੇ ਵਿਚ ਰਿਕਾਰਡ ਹੋ ਗਈ ਸੀ। ਬਾਅਦ ਵਿਚ, ਸੁਪਰੀਮ ਕੋਰਟ ਨੇ ਇਸ ਨੂੰ ਜਾਣ ਬੁੱਝ ਕੇ ਵੋਟ ਨਾਲ ਛੇੜਛਾੜ ਕਰਾਰ ਦਿਤਾ ਅਤੇ ਕੁਲਦੀਪ ਕੁਮਾਰ ਨੂੰ ਜੇਤੂ ਐਲਾਨ ਦਿਤਾ।
ਇਸ ਤੋਂ ਬਾਅਦ ਦੇਸ਼ ਭਰ ਵਿਚ ਭਾਜਪਾ ਦੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ, ਪ੍ਰਸ਼ਾਸਨ ਨੇ ਇਸ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਹੈ ਅਤੇ ਇਕ ਪ੍ਰਸਤਾਵ ਤਿਆਰ ਕੀਤਾ ਹੈ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਪ੍ਰਸਤਾਵ ਤਿਆਰ ਕਰ ਲਿਆ ਗਿਆ ਹੈ ਅਤੇ ਛੇਤੀ ਹੀ ਪ੍ਰਸ਼ਾਸਕ ਨੂੰ ਭੇਜਿਆ ਜਾਵੇਗਾ।
ਇਸ ਘਟਨਾਕ੍ਰਮ ਤੋਂ ਬਾਅਦ, ਨਗਰ ਨਿਗਮ ਹਾਊਸ ਵਿਚ ਸਾਬਕਾ ਮੇਅਰ ਕੁਲਦੀਪ ਕੁਮਾਰ ਦੇ ਕਾਰਜਕਾਲ ਦੌਰਾਨ ਅਕਤੂਬਰ 2024 ਵਿਚ ਹੱਥ ਖੜ੍ਹੇ ਕਰ ਕੇ ਚੋਣਾਂ ਕਰਵਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ। ਇਸ ਪ੍ਰਸਤਾਵ ਨੂੰ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਵੀ ਸਮਰਥਨ ਪ੍ਰਾਪਤ ਹੋਇਆ। ਜਨਵਰੀ 2025 ਵਿੱਚ, ਕੁਲਦੀਪ ਕੁਮਾਰ ਨੇ ਗੁਪਤ ਵੋਟਿੰਗ ਨੂੰ ਖ਼ਤਮ ਕਰਨ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਇਕ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਅਦਾਲਤ ਨੇ ਇਹ ਕਹਿ ਕੇ ਰੱਦ ਕਰ ਦਿਤਾ ਕਿ ਇਹ ਫ਼ੈਸਲਾ ਪ੍ਰਸ਼ਾਸਨ ਨੂੰ ਲੈਣਾ ਪਵੇਗਾ।
ਨਿਗਮ ਦੇ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਕਿਹਾ ਕਿ ਚੋਣਾਂ ਸਿਰਫ਼ ਹੱਥ ਚੁੱਕ ਕੇ ਹੀ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ, ਇਸ ਨਾਲ ਕਰਾਸ ਵੋਟਿੰਗ ਨੂੰ ਰੋਕਿਆ ਜਾ ਸਕੇਗਾ। ਨਗਰ ਨਿਗਮ ਚੰਡੀਗੜ੍ਹ ਦੀ ਸਥਾਪਨਾ 1996 ਵਿੱਚ ਹੋਈ ਸੀ ਅਤੇ ਉਦੋਂ ਤੋਂ, ਮੇਅਰ ਸਮੇਤ ਤਿੰਨੋਂ ਅਹੁਦਿਆਂ ਲਈ ਚੋਣਾਂ ਹਮੇਸ਼ਾ ਗੁਪਤ ਵੋਟਿੰਗ ਰਾਹੀਂ ਹੁੰਦੀਆਂ ਰਹੀਆਂ ਹਨ। ਪਰ ਹੁਣ 29 ਸਾਲਾਂ ਬਾਅਦ, 2026 ਤੋਂ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
#MayorElections #VotingReform #OpenVoting #MunicipalPolitics #CouncilVote #PunjabPolitics #LocalBodyElections #DemocracyDebate
Posted By:

Leave a Reply