ਰੁਜ਼ਗਾਰ ਮੰਗਣ ਵਾਲੀਆਂ ਬੇਰੁਜ਼ਗਾਰ ਅਧਿਆਪਕਾਵਾਂ ਨੇ ਜੇਲ੍ਹ ਵਿੱਚ ਬਿਤਾਏ ਪੰਜ ਦਿਨ, ਮਹਿਲਾ ਕੈਦੀਆਂ ਦੇ ਸਵਾਲਾਂ ਨੇ ਕੀਤਾ ਝੰਜੋੜ
ਸੰਗਰੂਰ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਹੋਈਆਂ ਪੰਜਾਬ ਦੀਆਂ ਪੰਜ ਬੇਰੁਜ਼ਗਾਰ ਈਟੀਟੀ ਅਧਿਆਪਕਾਵਾਂ ਨੇ ਦਾਅਵਾ ਕੀਤਾ ਹੈ ਕਿ ਰੁਜ਼ਗਾਰ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਅਤੇ ਉੱਥੇ ਬਿਤਾਏ ਪੰਜ ਦਿਨ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦਿਨਾਂ ਵਿੱਚੋਂ ਇੱਕ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ, ਜਿਸ ਨੂੰ ਉਹ ਸਾਰੀ ਉਮਰ ਨਹੀਂ ਭੁੱਲ ਸਕਣਗੀਆਂ। ਅਧਿਆਪਕਾਵਾਂ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਕੋਲੋਂ ਰੁਜ਼ਗਾਰ ਦੀ ਮੰਗ ਕਰ ਰਹੀਆਂ ਸਨ, ਪਰ ਇਸ ਦੀ ਥਾਂ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਭੁਗਤਣੀ ਪਈ। ਉਨ੍ਹਾਂ ਮੁਤਾਬਕ, ਸੰਗਰੂਰ ਜੇਲ੍ਹ ਵਿੱਚ ਬਿਤਾਏ ਪੰਜ ਦਿਨਾਂ ਨੇ ਉਨ੍ਹਾਂ 'ਤੇ ਡੂੰਘਾ ਮਾਨਸਿਕ ਅਸਰ ਛੱਡਿਆ ਹੈ। ਇਹ ਪੰਜੋਂ ਅਧਿਆਪਕਾਵਾਂ ਬੀਤੀ ਸ਼ਾਮ ਕਰੀਬ ਸਵਾ ਸੱਤ ਵਜੇ ਸੰਗਰੂਰ ਜੇਲ੍ਹ ਤੋਂ ਰਿਹਾਅ ਹੋਈਆਂ। ਇਹ ਬੇਰੁਜ਼ਗਾਰ ਈਟੀਟੀ ਅਧਿਆਪਕ ਹਨ, ਜਿਨ੍ਹਾਂ ਨੂੰ 4 ਜੁਲਾਈ ਨੂੰ ਧੂਰੀ ਵਿੱਚ 5994 ਭਰਤੀ ਮੁਕੰਮਲ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਏ ਪੱਕੇ ਮੋਰਚੇ ਦੌਰਾਨ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ। ਬਾਅਦ ਵਿੱਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਨਿਆਂਇਕ ਹਿਰਾਸਤ ਵਿੱਚ ਸੰਗਰੂਰ ਜੇਲ੍ਹ ਭੇਜਿਆ ਗਿਆ ਸੀ। ਰਿਹਾਅ ਹੋਈਆਂ ਪੰਜ ਅਧਿਆਪਕਾਵਾਂ ਵਿੱਚੋਂ ਚਾਰ ਅਣਵਿਆਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਨੇ ਦੱਸਿਆ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਉਸ ਬੈਰਕ ਵਿੱਚ ਰੱਖਿਆ ਗਿਆ ਸੀ, ਜਿੱਥੇ ਅਪਰਾਧਿਕ ਮਾਮਲਿਆਂ ਵਿੱਚ ਬੰਦ ਮਹਿਲਾ ਕੈਦੀ ਵੀ ਰਹਿ ਰਹੀਆਂ ਸਨ। ਉਨ੍ਹਾਂ ਦੇ ਅਨੁਸਾਰ, ਇਸ ਕਾਰਨ ਉਨ੍ਹਾਂ ਨੂੰ ਕਾਫ਼ੀ ਮਾਨਸਿਕ ਪਰੇਸ਼ਾਨੀ ਝੱਲਣੀ ਪਈ। ਅਧਿਆਪਕਾ ਨੇ ਦੱਸਿਆ ਕਿ ਬੈਰਕ ਵਿੱਚ ਕੁੱਲ 18 ਮਹਿਲਾਵਾਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਲਾ ਕੈਦੀਆਂ ਵੱਲੋਂ ਉਨ੍ਹਾਂ ਨੂੰ ਪੁੱਛਿਆ ਜਾਂਦਾ ਸੀ, "ਤੁਸੀਂ ਕਿੰਨੇ ਕਤਲ ਕਰਕੇ ਆਈਆਂ ਹੋ?", "ਕਿੰਨਾ ਚਿੱਟਾ ਵੇਚਿਆ ਹੈ?" ਅਤੇ "ਕਿਹੜੇ ਨਸ਼ੇ ਦੀ ਤਸਕਰੀ ਕੀਤੀ ਹੈ?" ਇਸ ਤੋਂ ਇਲਾਵਾ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਵੀ ਲਗਾਤਾਰ ਸਵਾਲ ਕੀਤੇ ਜਾਂਦੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਪੜ੍ਹੀਆਂ-ਲਿਖੀਆਂ ਹੋਣ ਦੇ ਬਾਵਜੂਦ ਉਨ੍ਹਾਂ ਤੋਂ ਬੈਰਕਾਂ ਦੀ ਸਫ਼ਾਈ ਵੀ ਕਰਵਾਈ ਜਾਂਦੀ ਸੀ। ਬੇਰੁਜ਼ਗਾਰ ਈਟੀਟੀ 5994 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਸ਼ੋਕ ਬਾਵਾ ਨੇ ਕਿਹਾ ਕਿ ਸਰਕਾਰ ਇੱਕ ਪਾਸੇ "ਬੇਟੀ ਬਚਾਓ, ਬੇਟੀ ਪੜ੍ਹਾਓ" ਦਾ ਨਾਅਰਾ ਦਿੰਦੀ ਹੈ, ਜਦਕਿ ਦੂਜੇ ਪਾਸੇ ਰੁਜ਼ਗਾਰ ਦੀ ਮੰਗ ਕਰਨ ਵਾਲੀਆਂ ਪੜ੍ਹੀਆਂ-ਲਿਖੀਆਂ ਧੀਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਆਰਥਿਕ ਸਹਾਇਤਾ ਦੇਣ ਦੀ ਗੱਲ ਕਰਦੀ ਹੈ, ਪਰ ਰੁਜ਼ਗਾਰ ਦੀ ਮੰਗ ਕਰਨ ਵਾਲੀਆਂ ਧੀਆਂ ਦੇ ਸਨਮਾਨ ਨੂੰ ਠੇਸ ਪਹੁੰਚ ਰਹੀ ਹੈ। ਅਸ਼ੋਕ ਬਾਵਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਧੀਆਂ ਦੇ ਮਾਣ-ਸਨਮਾਨ ਦੀ ਰੱਖਿਆ ਕੌਣ ਕਰੇਗਾ। ਉਨ੍ਹਾਂ ਦੱਸਿਆ ਕਿ ਰਿਹਾਅ ਹੋਈਆਂ ਪੰਜ ਅਧਿਆਪਕਾਵਾਂ ਨੇ ਜ਼ਮਾਨਤ ਨਹੀਂ ਕਰਵਾਈ ਸੀ, ਜਦਕਿ 15 ਬੇਰੁਜ਼ਗਾਰ ਅਧਿਆਪਕ ਹਾਲੇ ਵੀ ਜੇਲ੍ਹ ਵਿੱਚ ਬੰਦ ਹਨ। ਜੇਲ੍ਹ ਤੋਂ ਰਿਹਾਈ ਮਗਰੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜੋਂ ਅਧਿਆਪਕਾਵਾਂ ਦਾ ਹਾਰ ਪਾ ਕੇ ਅਤੇ ਨਾਅਰਿਆਂ ਦੀ ਗੂੰਜ ਵਿੱਚ ਸਵਾਗਤ ਕੀਤਾ। ਇਸ ਮੌਕੇ ਡੀਟੀਐੱਫ, 1158 ਯੂਨੀਅਨ, ਦੇਸ਼ ਭਗਤ ਯਾਦਗਾਰ ਕਮੇਟੀ, ਜਮਹੂਰੀ ਅਧਿਕਾਰ ਸਭਾ, ਜੀਟੀਯੂ, ਐਸਸੀ/ਬੀਸੀ ਜਥੇਬੰਦੀ, ਪੀਐੱਸਯੂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਬੀਕੇਯੂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।
Posted By: Daily Suraj Bureau