Daily Suraj

ਪੰਜਾਬੀ

ਅਪ੍ਰੇਸ਼ਨ ਪ੍ਰਹਾਰ 2.0 ਦੇ ਦੂਜੇ ਦਿਨ ਵੱਖ-ਵੱਖ ਥਾਵਾਂ ਤੇ ਛਾਪੇਮਾਰੀ, 60 ਤੋਂ ਵੱਧ ਅਪਰਾਧੀ ਕਾਬੂ-ਸ਼ੁਭਮ ਅਗਰਵਾਲ

10 Feb, 2026 01:02 PM

ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਮੁਹਿੰਮ ਜਾਰੀ-ਜ਼ਿਲ੍ਹਾ ਪੁਲਿਸ ਮੁਖੀ **ਕਿਹਾ! ਜ਼ਿਲ੍ਹੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਵਾਲਾ ਸੁਰੱਖਿਅਤ ਮਾਹੌਲ ਦੇਣਾ ਪੁਲਿਸ ਦੀ ਪਹਿਲ, ਜਿਸ ਨੂੰ ਹਰ ਹੀਲੇ ਰੱਖਿਆ ਜਾਵੇਗਾ ਬਰਕਰਾਰ ਫ਼ਤਹਿਗੜ੍ਹ ਸਾਹਿਬ,( ਮੁਖ਼ਤਿਆਰ ਸਿੰਘ) ਸੂਬੇ ਵਿੱਚੋਂ ਨਸ਼ਿਆਂ ਤੇ ਗੈਂਗਸਟਰਾਂ ਦਾ ਖਾਤਮਾ ਕਰਨ ਦੇ ਮੰਤਵ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਡਾਇਰੈਕਟਰ ਜਨਰਲ ਪੰਜਾਬ ਪੁਲਿਸ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਅਪਰੇਸ਼ਨ ਪ੍ਰਹਾਰ 2.0 ਦੇ ਦੂਜੇ ਦਿਨ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰਕੇ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਅਤੇ ਸ਼ੱਕੀ 60 ਤੋਂ ਵੱਧ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸ਼ੁਭਮ ਅਗਰਵਾਲ ਨੇ ਦਿੱਤੀ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਹੈ ਕਿ ਜੋ ਨੌਜਵਾਨ ਗਲਤ ਰਸਤੇ 'ਤੇ ਹਨ, ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਦਾ ਮੌਕਾ ਦਿੱਤਾ ਜਾਵੇਗਾ, ਪਰ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਪਰਾਧੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਦਦਗਾਰਾਂ ਅਤੇ ਕਰੀਬੀਆਂ ਦੀਆਂ ਸੂਚੀਆਂ ਵੀ ਤਿਆਰ ਕੀਤੀਆਂ ਗਈਆਂ ਹਨ। ਜ਼ਿਲ੍ਹੇ ਦੇ 'ਹੌਟ ਸਪਾਟ' ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲਿਆਂ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਗੁੰਮਰਾਹਕੁੰਨ ਜਾਣਕਾਰੀ ਨਾ ਫੈਲਾ ਸਕੇ। ਜ਼ਿਲ੍ਹਾ ਪੁਲਿਸ ਵਲੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਉਹਨਾਂ ਗੈਂਗਸਟਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਾਂ ਤਾਂ ਉਹ ਮੁੱਖ ਧਾਰਾ ਵਿਚ ਆ ਜਾਣ ਨਹੀਂ ਤਾਂ ਜ਼ਿਲ੍ਹਾ ਪੁਲਿਸ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਐਕਸ਼ਨ ਕਰਨ ਤੋਂ ਗ਼ੁਰੇਜ਼ ਨਹੀਂ ਕਰੇਗੀ ਅਤੇ ਜ਼ਿਲ੍ਹੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਵਾਲਾ ਸੁਰੱਖਿਅਤ ਮਾਹੌਲ ਦੇਣਾ ਪੰਜਾਬ ਪੁਲਿਸ ਦੀ ਪਹਿਲ ਹੈ, ਜਿਸ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ। ਸ਼੍ਰੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਐਸ.ਪੀ. (ਜਾਂਚ) ਰਾਕੇਸ਼ ਯਾਦਵ ਦੀ ਅਗਵਾਈ ਹੇਠ ਪੁਲਿਸ ਟੀਮਾਂ ਵੱਲੋਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਗੈਰ ਸਮਾਜਿਕ ਤੱਤਾਂ ਤੇ ਤਿਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਗੈਰ ਸਮਾਜਿਕ ਅਨਸਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

Latest News