Daily Suraj

ਪੰਜਾਬੀ

ਕੈਨੇਡਾ ਦੇ ਡੈਲਟਾ 'ਚ ਵੱਡਾ ਹਾਦਸਾ: ਟਵਾਸਨ ਮਾਲ ਨੇੜੇ ਬੇਕਾਬੂ ਪਿਕਅੱਪ ਟਰੱਕ ਨੇ ਲੋਕਾਂ ਨੂੰ ਕੁਚਲਿਆ, 2 ਦੀ ਮੌਤ ਤੇ ਕਈ ਜ਼ਖ਼ਮੀ

01 Oct, 2026 11:11 AM

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਡੈਲਟਾ ਸਥਿਤ ਟਵਾਸਨ ਮਾਲ (Tsawwassen Mills) ਨੇੜੇ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਹੈ। ਮੂਲ ਨਿਵਾਸੀਆਂ (First Nations) ਵੱਲੋਂ ਆਯੋਜਿਤ ਕੀਤੇ ਜਾ ਰਹੇ ਸਾਲਾਨਾ ਮੇਲੇ ਅਤੇ ਮਾਰਚ ਦੌਰਾਨ ਇੱਕ ਅਨਿਯੰਤਰਿਤ ਪਿਕਅੱਪ ਟਰੱਕ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਖ਼ੌਫ਼ਨਾਕ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਜ਼ਖ਼ਮੀਆਂ ਨੂੰ ਮੌਕੇ 'ਤੇ ਹੀ ਮੁਢਲੀ ਸਹਾਇਤਾ ਪ੍ਰਦਾਨ ਕੀਤੀ ਗਈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਡੈਲਟਾ ਪੁਲੀਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਹਾਦਸੇ ਦੇ ਸਮੇਂ ਵਾਹਨ ਚਾਲਕ ਦੀ ਸਰੀਰਕ ਹਾਲਤ ਅਚਾਨਕ ਵਿਗੜ ਗਈ ਸੀ। ਚਾਲਕ ਨੂੰ ਅਚਾਨਕ ਚੱਕਰ ਆਉਣ ਜਾਂ ਸਰੀਰਕ ਹੰਗਾਮੀ ਹਾਲਤ (Medical Emergency) ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਵਾਹਨ ਉਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ। ਪੁਲੀਸ ਮੁਤਾਬਕ ਇਸ ਹਾਦਸੇ ਦਾ ਮੂਲ ਨਿਵਾਸੀਆਂ ਦੇ ਮਾਰਚ 'ਤੇ ਕਿਸੇ ਨਿਸ਼ਾਨੇ ਜਾਂ ਸਾਜ਼ਿਸ਼ ਨਾਲ ਕੋਈ ਸਬੰਧ ਨਹੀਂ ਲੱਗਦਾ। ਹਾਲਾਂਕਿ, ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਜ਼ਖ਼ਮੀਆਂ ਵਿੱਚੋਂ ਬਹੁਤਿਆਂ ਨੇ ਸੰਤਰੀ ਰੰਗ ਦੀਆਂ ਟੀ-ਸ਼ਰਟਾਂ ਪਹਿਨੀਆਂ ਹੋਈਆਂ ਸਨ, ਜੋ ਇਹ ਦਰਸਾਉਂਦੀਆਂ ਹਨ ਕਿ ਉਹ ਇਸ ਮਾਰਚ ਦਾ ਹੀ ਹਿੱਸਾ ਸਨ। ਦੱਸਣਯੋਗ ਹੈ ਕਿ ਇਹ ਹਾਦਸਾ ਡੈਲਟਾ ਫੈਰੀ ਟਰਮੀਨਲ ਅਤੇ ਡੈਲਟਾ ਪੋਰਟ ਤੋਂ ਥੋੜ੍ਹੀ ਹੀ ਦੂਰੀ 'ਤੇ ਵਾਪਰਿਆ। ਇਸ ਦਰਦਨਾਕ ਘਟਨਾ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਪਿਕਅੱਪ ਟਰੱਕ 'ਅਲਪਾਈਨ ਸਰਵਿਸਿਜ਼' (Alpine Services) ਨਾਲ ਸਬੰਧਤ ਸੀ, ਜੋ ਕਿ ਉਸ ਮਾਲ ਵਿੱਚ ਸਫ਼ਾਈ ਦਾ ਕੰਮ ਕਰਨ ਵਾਲੀ ਇੱਕ ਠੇਕੇਦਾਰ ਕੰਪਨੀ ਹੈ। ਪੁਲੀਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Latest News