ਪੁਲੀਸ ਨੇ 7 ਕਿੱਲੋ ਹੈਰੋਇਨ ਸਮੇਤ 2 ਤਸਕਰ ਕੀਤੇ ਕਾਬੂ
ਦੁਬਈ ਤੱਕ ਜੁੜੇ ਤਸਕਰਾਂ ਦੇ ਤਾਰ- ਪੁਲੀਸ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਵਿਰੁੱਧ ਨਾਰਕੋ-ਸਮਗਲਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਦੋ ਕਰਿੰਦਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 7 ਕਿਲੋ 630 ਗ੍ਰਾਮ ਹੈਰੋਇਨ ਅਤੇ 21,800 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਮੁਢਲੀ ਜਾਂਚ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੁਬਈ ਸਥਿਤ ਇੱਕ ਹੈਂਡਲਰ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਮੰਗਵਾਉਣ ਲਈ ਵਰਚੁਅਲ ਨੰਬਰਾਂ ਰਾਹੀਂ ਸੰਪਰਕ ਕਰਦੇ ਸਨ, ਜਿਸ ਵਿੱਚ ਖੇਪ ਚੁੱਕਣ ਵਾਲੇ ਪੁਆਇੰਟਾਂ ਅਤੇ ਖੇਤਰ ਵਿੱਚ ਅੱਗੇ ਵੰਡਣ ਬਾਰੇ ਨਿਰਦੇਸ਼ ਸ਼ਾਮਲ ਹੁੰਦੇ ਸਨ। ਪੰਜਾਬ ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਹੈਂਡਲਰ ਦੇ ਕਈ ਨਸ਼ਾ ਤਸਕਰੀ ਸਿੰਡੀਕੇਟਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ। ਇਹ ਹੈਂਡਲਰ ਹਾਲ ਹੀ ਵਿੱਚ ਐਨ.ਡੀ.ਪੀ.ਐਸ (NDPS) ਐਕਟ ਤਹਿਤ ਦਰਜ ਕੀਤੇ ਗਏ ਵੱਡੇ ਮਾਮਲੇ ਨਾਲ ਵੀ ਜੁੜਿਆ ਹੋਇਆ ਹੈ, ਜਿਸ ਵਿੱਚ 43 ਕਿਲੋ ਹੈਰੋਇਨ ਬਰਾਮਦ ਹੋਈ ਸੀ। ਇਸ ਸਬੰਧੀ ਥਾਣਾ ਛੇਹਰਟਾ ਵਿਖੇ ਐੱਨ.ਡੀ.ਪੀ.ਐੱਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ.ਆਈ.ਆਰ (FIR) ਦਰਜ ਕੀਤੀ ਗਈ ਹੈ। ਡੀਜੀਪੀ ਨੇ ਦੱਸਿਆ ਕਿ ਪੁਲੀਸ ਟੀਮਾਂ ਤਸਕਰੀ ਦੇ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ (ਲਿੰਕੇਜ) ਦੀ ਪਛਾਣ ਲਈ ਜਾਂਚ ਕਰ ਰਹੀਆਂ ਹਨ ਅਤੇ ਹੋਰ ਸਾਥੀਆਂ ਤੇ ਸਪਲਾਈ ਰੂਟਾਂ ਦਾ ਪਰਦਾਫਾਸ਼ ਹੋ ਸਕਦਾ ਹੈ।
Posted By: Daily Suraj Bureau