Daily Suraj

ਪੰਜਾਬੀ

ਦੁਬਈ-ਤੇਲ ਅਵੀਵ ਉਡਾਣ 'ਚ ਹਮਲੇ ਦੇ ਬਾਵਜੂਦ ਦਿਖਾਈ ਸੀ ਅਟੁੱਟ ਹਿੰਮਤ; ਹੁਣ ਨੌਜਵਾਨਾਂ ਨੂੰ ਮਿਲੇਗੀ 'ਸਮਿਤ ਮੱਛਾਰ ਪਾਇਲਟ ਸਕਾਲਰਸ਼ਿਪ'

03 Oct, 2026 04:38 PM

ਰਾਜ ਸਭਾ ਮੈਂਬਰ ਅਤੇ 'ਸਨ ਫਾਊਂਡੇਸ਼ਨ' ਦੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ ਨੇ ਸ਼ਨੀਵਾਰ ਨੂੰ ਕੈਪਟਨ ਸਮਿਤ ਮੱਛਾਰ ਲਈ 25 ਲੱਖ ਰੁਪਏ ਦੇ 'ਸਮਿਤ ਮੱਛਾਰ ਬਹਾਦਰੀ ਪੁਰਸਕਾਰ' ਦਾ ਐਲਾਨ ਕੀਤਾ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ਇੱਕ ਉਡਾਣ ਦੌਰਾਨ ਕਾਕਪਿਟ ਦੇ ਅੰਦਰ ਹੋਏ ਜਾਨਲੇਵਾ ਹਮਲੇ ਸਮੇਂ ਦਿਖਾਈ ਗਈ ਅਦੁੱਤੀ ਹਿੰਮਤ, ਦਲੇਰੀ ਅਤੇ ਸਮਝਦਾਰੀ ਲਈ ਦਿੱਤਾ ਜਾ ਰਿਹਾ ਹੈ। ਉਡਾਣ ਦੌਰਾਨ ਕਾਕਪਿਟ ਵਿੱਚ ਹੋਏ ਅਚਾਨਕ ਹਮਲੇ ਵਿੱਚ ਕੈਪਟਨ ਸਮਿਤ ਮੱਛਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਇਸ ਅਤਿ-ਨਾਜ਼ੁਕ ਸਥਿਤੀ ਵਿੱਚ ਵੀ ਉਨ੍ਹਾਂ ਨੇ ਆਪਣਾ ਦਿਮਾਗੀ ਸੰਤੁਲਨ ਅਤੇ ਹੌਸਲਾ ਨਹੀਂ ਛੱਡਿਆ। ਉਨ੍ਹਾਂ ਦੀ ਤੁਰੰਤ ਸੂਝ-ਬੂਝ ਕਾਰਨ ਇੱਕ ਵੱਡਾ ਹਵਾਈ ਹਾਦਸਾ ਟਲ ਗਿਆ, ਜਿਸ ਨਾਲ ਜਹਾਜ਼ ਵਿੱਚ ਸਵਾਰ ਲਗਭਗ 170 ਯਾਤਰੀਆਂ ਦੀ ਜਾਨ ਸੁਰੱਖਿਅਤ ਬਚ ਗਈ। ਸੰਸਦ ਮੈਂਬਰ ਸਾਹਨੀ ਨੇ ਕੈਪਟਨ ਦੀ ਬਹਾਦਰੀ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਜਜ਼ਬਾ ਅਤੇ ਹਿੰਮਤ ਹੀ ਭਾਰਤ ਦੀ ਅਸਲੀ ਪਛਾਣ ਹੈ, ਜਿਸ ਤੋਂ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਕੈਪਟਨ ਸਮਿਤ ਮੱਛਾਰ ਨੂੰ 'ਅਸ਼ੋਕ ਚੱਕਰ' ਅਤੇ ਰਾਸ਼ਟਰੀ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕਰਨ 'ਤੇ ਵਿਚਾਰ ਕੀਤਾ ਜਾਵੇ। ਆਪਣੀ ਸੰਸਥਾ ਦੀਆਂ ਸਮਾਜਿਕ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਸਾਹਨੀ ਨੇ ਦੱਸਿਆ ਕਿ 'ਸਨ ਫਾਊਂਡੇਸ਼ਨ' ਲੋੜਵੰਦ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਨਿਰੰਤਰ ਕਾਰਜਸ਼ੀਲ ਹੈ। ਇਹ ਸੰਸਥਾ ਪੰਜਾਬ ਵਿੱਚ ਨੌਜਵਾਨਾਂ ਨੂੰ ਹਵਾਬਾਜ਼ੀ (ਐਵੀਏਸ਼ਨ) ਸਮੇਤ ਲਗਭਗ 20 ਵੱਖ-ਵੱਖ ਖੇਤਰਾਂ ਵਿੱਚ ਮੁਫ਼ਤ ਹੁਨਰ ਸਿਖਲਾਈ (ਸਕਿੱਲ ਟ੍ਰੇਨਿੰਗ) ਪ੍ਰਦਾਨ ਕਰਦੀ ਹੈ। ਇਸੇ ਲੜੀ ਤਹਿਤ ਸੰਸਥਾ ਨੇ ਬਰਨਾਲਾ ਦੀ ਰਹਿਣ ਵਾਲੀ ਕੁਲਵੀਰ ਕੌਰ ਦੀ ਮਦਦ ਕੀਤੀ ਸੀ, ਜਿਸ ਦੀ ਮਾਂ ਇੱਕ ਆਂਗਣਵਾੜੀ ਵਰਕਰ ਹੈ। ਫਾਊਂਡੇਸ਼ਨ ਦੇ ਸਹਿਯੋਗ ਨਾਲ ਭਾਰਤ ਅਤੇ ਦੱਖਣੀ ਅਫ਼ਰੀਕਾ ਵਿੱਚ ਪਾਇਲਟ ਦੀ ਸਿਖਲਾਈ ਪੂਰੀ ਕਰਕੇ ਕੁਲਵੀਰ ਅੱਜ ਇੱਕ ਸਫ਼ਲ ਕਮਰਸ਼ੀਅਲ ਪਾਇਲਟ ਵਜੋਂ ਸੇਵਾਵਾਂ ਦੇ ਰਹੀ ਹੈ। ਸਾਹਨੀ ਨੇ ਅੱਗੇ ਐਲਾਨ ਕੀਤਾ ਕਿ ਫਾਊਂਡੇਸ਼ਨ ਹੁਣ ਕੈਪਟਨ ਸਮਿਤ ਮੱਛਾਰ ਦੇ ਨਾਮ 'ਤੇ ਵਿਸ਼ੇਸ਼ ਵਜ਼ੀਫ਼ੇ (ਸਕਾਲਰਸ਼ਿਪ) ਸ਼ੁਰੂ ਕਰੇਗੀ, ਜਿਸ ਰਾਹੀਂ ਆਰਥਿਕ ਤੌਰ 'ਤੇ ਕਮਜ਼ੋਰ ਪਰ ਹੋਣਹਾਰ ਨੌਜਵਾਨਾਂ ਲਈ ਪਾਇਲਟ-ਸਿਖਲਾਈ ਪ੍ਰੋਗਰਾਮ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾਵੇਗਾ।

Latest News