Daily Suraj

ਪੰਜਾਬੀ

ਚੋਣ ਕਮਿਸ਼ਨ ਦੀ ਨਿਯਮ ਉਲੰਘਣਾ: ਕਈ ਨਿਊਜ਼ ਚੈਨਲਾਂ ਫਸੇ ਕਾਨੂੰਨੀ ਮਾਮਲੇ 'ਚ

18 Jun, 2025 09:56 PM

ਲੁਧਿਆਣਾ : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਸਬੰਧ ਵਿੱਚ ਇੱਕ ਓਪੀਨੀਅਨ ਪੋਲ ਪ੍ਰਕਾਸ਼ਿਤ ਕਰਨ ਦੇ ਦੋਸ਼ ਵਿੱਚ ਕੁਝ ਆਨਲਾਈਨ ਨਿਊਜ਼ ਚੈਨਲਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਹ ਪੋਲ ਕਥਿਤ ਤੌਰ ’ਤੇ ਚੋਣ ਕਮਿਸ਼ਨ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਪ੍ਰਕਾਸ਼ਿਤ ਕੀਤਾ ਗਿਆ, ਜੋ ਪਾਬੰਦੀਸ਼ੁਦਾ ਸਮੇਂ (ਪੋਲਿੰਗ ਖ਼ਤਮ ਹੋਣ ਤੋਂ 48 ਘੰਟੇ ਪਹਿਲਾਂ) ਦੌਰਾਨ ਇਲੈਕਟਰਾਨਿਕ ਮੀਡੀਆ ਵਿੱਚ ਓਪੀਨੀਅਨ ਪੋਲ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ’ਤੇ ਪਾਬੰਦੀ ਲਗਾਉਂਦੇ ਹਨ।

ਇੱਕ ਅਧਿਕਾਰਤ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤ ਰਸਮੀ ਤੌਰ ’ਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਰਿਟਰਨਿੰਗ ਅਫ਼ਸਰ ਦੁਆਰਾ ਦਰਜ ਕਰਵਾਈ ਗਈ ਸੀ। ਅਜਿਹੇ ਸਰਵੇਖਣਾਂ ਦੇ ਪ੍ਰਕਾਸ਼ਨ ਨੂੰ ਵੋਟਰਾਂ ਦੀ ਧਾਰਨਾ ਅਤੇ ਚੋਣ ਪ੍ਰਤੀਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾਂਦਾ ਹੈ, ਜਿਸ ਨਾਲ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਦਾ ਹੈ। ਇਸ ਵਿੱਚ ਕਿਹਾ ਗਿਆ ਹੈ, ‘‘ਪਬੰਦੀਸ਼ੁਦਾ ਸਮੇਂ ਦੌਰਾਨ ਓਪੀਨੀਅਨ ਪੋਲ ਪ੍ਰਕਾਸ਼ਤ ਕਰਨ ਲਈ ‘ਟਰਨ ਟਾਈਮਜ਼, ਜਨ ਹਿੱਤੀ, ਦ ਸਿਟੀ ਹੈੱਡਲਾਈਨਜ਼ ਅਤੇ ਈ ਨਿਊਜ਼ ਪੰਜਾਬ’ ਵਰਗੇ ਆਨਲਾਈਨ ਨਿਊਜ਼ ਚੈਨਲਾਂ ਵਿਰੁੱਧ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।’’ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਐਫ਼ਆਈਆਰ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 ਅਤੇ ਬੀਐਨਐਸ 2023 ਦੀ ਧਾਰਾ 223 ਤਹਿਤ ਦਰਜ ਕੀਤੀ ਗਈ ਸੀ। 

ਸ਼ਿਕਾਇਤ ਦੀ ਸਮੱਗਰੀ ਦੇ ਆਧਾਰ ’ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਲੁਧਿਆਣਾ ਨੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 1261 ਅਤੇ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 223 ਦੇ ਤਹਿਤ ਐਫ਼ਆਈਆਰ ਦਰਜ ਕੀਤੀ ਹੈ ਅਤੇ ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।  ਵੋਟਿੰਗ 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ। ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਜਨਵਰੀ ਵਿੱਚ ‘ਆਪ’ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ।

#OpinionPolls #ElectionCodeViolation #FIRonNewsChannels #DigitalMediaRegulation #ElectionCommission #ModelCodeOfConduct #NewsEthics #IndianElections2025


Posted By: Daily Suraj Bureau

Latest News