Daily Suraj

ਪੰਜਾਬੀ

ਏਸ਼ਿਆਈ ਚੈਂਪੀਅਨਜ਼ ਟਰਾਫ਼ੀ 2026: 5 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਪੰਜਾਬ ਵਿੱਚ ਖੇਡੇਗੀ ਟੂਰਨਾਮੈਂਟ

12 Oct, 2026 03:23 PM

ਸਾਲ 2011 ਵਿੱਚ ਸ਼ੁਰੂ ਹੋਈ ਏਸ਼ਿਆਈ ਚੈਂਪੀਅਨਜ਼ ਟਰਾਫ਼ੀ (ACT) ਦਾ ਖ਼ਿਤਾਬ ਪੰਜ ਵਾਰ ਆਪਣੇ ਨਾਂ ਕਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਇਸ ਮਹੀਨੇ ਪੰਜਾਬ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਸਭ ਤੋਂ ਸਫ਼ਲ ਟੀਮ ਵਜੋਂ ਮੈਦਾਨ ਵਿੱਚ ਨਿੱਤਰੇਗੀ। ਭਾਰਤ ਦੀਆਂ ਇਨ੍ਹਾਂ ਵੱਡੀਆਂ ਪ੍ਰਾਪਤੀਆਂ ਵਿੱਚ ਪਹਿਲੇ ਟੂਰਨਾਮੈਂਟ ਦੌਰਾਨ ਰੋਮਾਂਚਕ ਸ਼ੂਟਆਊਟ ਜਿੱਤ ਤੋਂ ਲੈ ਕੇ 2024 ਵਿੱਚ ਚੀਨ ਦੀ ਧਰਤੀ ’ਤੇ ਆਪਣੇ ਖ਼ਿਤਾਬ ਦਾ ਬਚਾਅ ਕਰਨਾ ਸ਼ਾਮਲ ਹੈ। ਹੁਣ ਇਹ ਵੱਕਾਰੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੁਹਾਲੀ ਵਿਖੇ ਖੇਡਿਆ ਜਾਵੇਗਾ। ਭਾਰਤੀ ਹਾਕੀ ਟੀਮ ਨੇ ਆਪਣੇ ਇਤਿਹਾਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਵਾਰ ਇਹ ਟਰਾਫ਼ੀ ਜਿੱਤੀ ਹੈ। ਪਹਿਲਾ ਖ਼ਿਤਾਬ ਸਾਲ 2011 ਵਿੱਚ ਚੀਨ ਦੇ ਓਰਦੋਸ ਵਿਖੇ ਜਿੱਤਿਆ ਗਿਆ ਸੀ, ਜਿੱਥੇ ਚੀਨ, ਭਾਰਤ, ਮਲੇਸ਼ੀਆ, ਪਾਕਿਸਤਾਨ, ਦੱਖਣੀ ਕੋਰੀਆ ਅਤੇ ਜਾਪਾਨ ਦਰਮਿਆਨ ਹੋਏ ਫਾਈਨਲ ਵਿੱਚ ਭਾਰਤ ਅਤੇ ਪਾਕਿਸਤਾਨ ਨਿਰਧਾਰਤ ਸਮੇਂ ਤੱਕ ਬਰਾਬਰ ਰਹੇ ਸਨ ਅਤੇ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੇ 4-2 ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਦੂਜਾ ਖ਼ਿਤਾਬ 2016 ਵਿੱਚ ਮਲੇਸ਼ੀਆ ਦੇ ਕੁਆਨਤਾਨ ਵਿੱਚ ਮਿਲਿਆ, ਜਿੱਥੇ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 3-2 ਨਾਲ ਹਰਾਇਆ ਅਤੇ ਰੁਪਿੰਦਰ ਪਾਲ ਸਿੰਘ, ਅਫ਼ਾਨ ਯੂਸਫ਼ ਤੇ ਨਿੱਕਿਨ ਥਿਮਈਆ ਨੇ ਗੋਲ ਦਾਗੇ। ਸਾਲ 2018 ਵਿੱਚ ਮਸਕਟ (ਓਮਾਨ) ਵਿਖੇ ਹੋਏ ਟੂਰਨਾਮੈਂਟ ਦਾ ਫਾਈਨਲ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀ, ਪਰ ਭਾਰੀ ਮੀਂਹ ਕਾਰਨ ਮੈਚ ਰੱਦ ਹੋਣ ਮਗਰੋਂ ਦੋਵਾਂ ਟੀਮਾਂ ਨੂੰ ਸਾਂਝੇ ਤੌਰ ’ਤੇ ਜੇਤੂ ਐਲਾਨਿਆ ਗਿਆ। ਚੌਥਾ ਖ਼ਿਤਾਬ 2023 ਵਿੱਚ ਚੇਨਈ ਵਿਖੇ ਜਿੱਤਿਆ ਗਿਆ, ਜਿੱਥੇ ਫਾਈਨਲ ਵਿੱਚ ਮਲੇਸ਼ੀਆ ਵਿਰੁੱਧ ਪਹਿਲੇ ਹਾਫ਼ ਤੱਕ 3-1 ਨਾਲ ਪਛੜਨ ਦੇ ਬਾਵਜੂਦ ਆਖ਼ਰੀ 16 ਮਿੰਟਾਂ ਵਿੱਚ ਹਰਮਨਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਅਕਾਸ਼ਦੀਪ ਸਿੰਘ ਦੇ ਗੋਲਾਂ ਦੀ ਬਦੌਲਤ ਭਾਰਤ ਨੇ 4-3 ਨਾਲ ਯਾਦਗਾਰੀ ਜਿੱਤ ਦਰਜ ਕੀਤੀ ਅਤੇ ਟੂਰਨਾਮੈਂਟ ਦੀ ਸਭ ਤੋਂ ਕਾਮਯਾਬ ਟੀਮ ਬਣੀ। ਇਸੇ ਤਰ੍ਹਾਂ ਪੰਜਵਾਂ ਖ਼ਿਤਾਬ 2024 ਵਿੱਚ ਚੀਨ ਦੇ ਹੁਲੁਨਬੁਈਰ ਵਿਖੇ ਜਿੱਤਿਆ ਗਿਆ, ਜਿੱਥੇ ਫਾਈਨਲ ਵਿੱਚ ਮੇਜ਼ਬਾਨ ਚੀਨ ਨੂੰ ਜੁਗਰਾਜ ਸਿੰਘ ਦੇ ਫੈਸਲਾਕੁੰਨ ਗੋਲ ਦੀ ਬਦੌਲਤ 1-0 ਨਾਲ ਹਰਾ ਕੇ ਟੀਮ ਨੇ ਪੰਜਵੀਂ ਵਾਰ ਟਰਾਫ਼ੀ ਆਪਣੇ ਨਾਂ ਕੀਤੀ।

Latest News