ਸੋਨੇ ਤੇ ਚਾਂਦੀ ਦੇ ਭਾਅ ਵਿੱਚ ਫਿਰ ਤੇਜ਼ੀ, 24 ਕੈਰੇਟ ਸੋਨਾ 1.60 ਲੱਖ ਰੁਪਏ ਤੱਕ ਪਹੁੰਚਿਆ
ਦੇਸ਼ ਦੇ ਬੁਲੀਅਨ ਬਾਜ਼ਾਰ ਵਿੱਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਇਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ ਹੈ। 10 ਮਾਰਚ ਨੂੰ ਸੋਨੇ ਅਤੇ ਚਾਂਦੀ ਦੋਵੇਂ ਦੀਆਂ ਦਰਾਂ ਵਿੱਚ ਉਛਾਲ ਵੇਖਿਆ ਗਿਆ ਹੈ। India Bullion and Jewellers Association (IBJA) ਦੇ ਅਨੁਸਾਰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ਵਿੱਚ 1,700 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਇਸ ਦੀ ਕੀਮਤ 1.60 ਲੱਖ ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 1.59 ਲੱਖ ਰੁਪਏ ਪ੍ਰਤੀ 10 ਗ੍ਰਾਮ ਸੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ ਵੀ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇੱਕ ਕਿਲੋਗ੍ਰਾਮ ਚਾਂਦੀ 13,000 ਰੁਪਏ ਮਹਿੰਗੀ ਹੋ ਕੇ 2.73 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 2.60 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਮਾਹਿਰਾਂ ਦੇ ਮੁਤਾਬਕ ਇਸ ਸਾਲ ਕੀਮਤੀ ਧਾਤਾਂ ਦੇ ਬਾਜ਼ਾਰ ਵਿੱਚ ਕਾਫੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। 29 ਜਨਵਰੀ ਨੂੰ ਸੋਨੇ ਦੀ ਕੀਮਤ 1.76 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਸੀ, ਜਦਕਿ ਚਾਂਦੀ ਦੀ ਕੀਮਤ 3.86 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਪੱਧਰ ‘ਤੇ ਦਰਜ ਕੀਤੀ ਗਈ ਸੀ। ਜੇ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ ਵਿੱਚ ਵੱਡਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਅੰਤ ਵਿੱਚ ਸੋਨੇ ਦੀ ਕੀਮਤ 1.33 ਲੱਖ ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਹੁਣ ਵਧ ਕੇ 1.60 ਲੱਖ ਰੁਪਏ ਹੋ ਗਈ ਹੈ। ਇਸਦਾ ਮਤਲਬ ਹੈ ਕਿ ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ ਲਗਭਗ 27,000 ਰੁਪਏ ਦਾ ਵਾਧਾ ਹੋਇਆ ਹੈ। ਇਸੇ ਦੌਰਾਨ ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਹੁਣ ਤੱਕ ਇਸ ਵਿੱਚ ਲਗਭਗ 24,000 ਰੁਪਏ ਦਾ ਇਜਾਫਾ ਹੋ ਚੁੱਕਾ ਹੈ।
Posted By: Daily Suraj Bureau