Daily Suraj

ਪੰਜਾਬੀ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸੀ.ਆਰ.ਐਮ. ਪ੍ਰੋਜੈਕਟ ਅਧੀਨ ਹਾੜ੍ਹੀ ਦੀਆਂ ਫ਼ਸਲਾਂ ਦੇ ਸੁਚੱਜੇ ਪ੍ਰਬੰਧਨ ਬਾਰੇ ਸਿਖਲਾਈ ਪ੍ਰੋਗਰਾਮ ਆਯੋਜਿਤ

09 Jan, 2026 03:59 PM

ਸੰਗਰੂਰ, (ਜਗਸੀਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਰਾਲੀ ਪ੍ਰਬੰਧਨ ਪ੍ਰੋਜੈਕਟ (2025-26) ਅਧੀਨ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੀ ਅਗਵਾਈ ਵਿੱਚ ਪਿੰਡ ਰੱਤਾ ਖੇੜਾ, ਬਲਾਕ ਲਹਿਰਾਗਾਗਾ ਵਿਖੇ ਕਿਸਾਨ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 35 ਕਿਸਾਨਾਂ ਨੇ ਭਾਗ ਲਿਆ। ਇਸ ਸਿਖਲਾਈ ਪ੍ਰੋਗਰਾਮ ਮੌਕੇ ਡਾ. ਮਨਦੀਪ ਸਿੰਘ , ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਪ੍ਰੋਜੈਕਟ ਅਧੀਨ ਕੀਤੀਆਂ ਜਾ ਰਹੀਆਂ ਸੂਚਨਾ, ਸਿੱਖਿਆ ਅਤੇ ਸੰਚਾਰ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਕਿਸਾਨ ਵੀਰ ਪੀਏਯੂ ਵੱਲੋਂ ਸਿਫ਼ਾਰਿਸ਼ ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ 'ਚੋਂ ਕੋਈ ਵੀ ਤਕਨੀਕ ਅਪਣਾ ਕੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਸਕਦੇ ਹਨ। ਪਰਾਲੀ ਨੂੰ ਲਗਾਤਾਰ ਕਈ ਸਾਲ ਖੇਤ ਵਿੱਚ ਸਾਂਭਣ ਨਾਲ ਮਿੱਟੀ ਵਿੱਚ ਪੌਸ਼ਟਿਕ ਤੱਤਾਂ ਦਾ ਵਾਧਾ ਹੁੰਦਾ ਹੈ। ਜਿਸ ਨਾਲ ਫ਼ਸਲ ਦੀ ਪੈਦਾਵਾਰ ਵਧਦੀ ਹੈ ਅਤੇ ਰਸਾਇਣਕ ਖਾਦਾਂ ਦਾ ਖਰਚਾ ਘਟਦਾ ਹੈ। ਉਹਨਾਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਾਲਾਨਾ ਸਿਖਲਾਈ ਪ੍ਰੋਗਰਾਮਾਂ, ਕਿੱਤਾਮੁਖੀ ਸਿਖਲਾਈ ਕੋਰਸਾਂ, ਮਿੱਟੀ-ਪਾਣੀ ਪਰਖ, ਖੇਤੀ ਸੰਦੇਸ਼ (ਹਫਤਾਵਾਰੀ ਡਿਜੀਟਲ ਅਖ਼ਬਾਰ) ਅਤੇ ਮਿਆਰੀ ਬੀਜਾਂ ਦੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਸੁਪਰ ਸੀਡਰ, ਮਲਚਰ, ਪਲਟਾਊ ਹਲ, ਆਦਿ ਬਾਰੇ ਵਿਸਥਾਰਪੂਵਕ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਕੇ.ਵੀ.ਕੇ. ਵਿਖੇ ਸਥਾਪਿਤ ਸੀ.ਆਰ.ਐਮ. ਮਸ਼ੀਨਰੀ ਬੈਂਕ ਅਤੇ ਸਿਖਲਾਈ ਪਲੇਟਫਾਰਮ ਬਾਰੇ ਵੀ ਜਾਣਕਾਰੀ ਦਿੱਤੀ।  ਡਾ ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਬਾਗਬਾਨੀ ਫ਼ਸਲ ਵਿੱਚ ਪਰਾਲੀ ਦੀ ਵਰਤੋਂ, ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਅਤੇ ਪਨੀਰੀ ਤਿਆਰ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਸਾਨਾਂ ਨੂੰ ਘਰੇਲੂ ਸਬਜੀ ਅਤੇ ਫ਼ਲਾਂ ਦੀ ਪੌਸ਼ਟਿਕ ਬਗੀਚੀ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਡਾ. ਰੁਕਿੰਦਰ ਪ੍ਰੀਤ ਸਿੰਘ ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਲੇ ਖੇਤਾਂ ਵਿੱਚ ਨਦੀਨ ਪ੍ਰਬੰਧ, ਖੁਰਾਕ ਪ੍ਰਬੰਧ ਅਤੇ ਸਿੰਚਾਈ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਕਣਕ ਦੀ ਫਸਲ ਵਿੱਚ ਆਉਣ ਵਾਲੇ ਲਘੂ ਤੱਤਾਂ ਦੀ ਘਾਟ ਅਤੇ ਇਹਨਾਂ ਦੀ ਪੂਰਤੀ ਸਬੰਧੀ ਵੀ ਜਾਣਕਾਰੀ ਦਿੱਤੀ।  ਮੈਡਮ ਅਮਰਪ੍ਰੀਤ ਕੌਰ, ਪ੍ਰੋਗਰਾਮ ਸਹਾਇਕ, ਨੇ ਮਿੱਟੀ-ਪਾਣੀ ਪਰਖ ਦੀ ਮਹਤੱਤਾ ਅਤੇ ਇਸ ਦੀ ਜਾਂਚ ਲਈ ਨਮੂਨੇ ਲੈਣ ਦੇ ਢੰਗ ਬਾਰੇ ਵਿਸਥਾਰ ਵਿੱਚ ਦੱਸਿਆ। ਉਹਨਾਂ ਕਿਸਾਨਾਂ ਨੂੰ ਚੰਗੀ ਖੇਤੀ ਮਾਸਿਕ ਰਸਾਲੇ ਦੇ ਮੈਂਬਰ ਬਣਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਕਿਸਾਨਾਂ ਨੂੰ ਪੀ.ਏ.ਯੂ. ਦਾ ਖੇਤੀ ਸਾਹਿਤ ਵੀ ਦਿੱਤਾ ਗਿਆ। ਕਿਸਾਨਾਂ ਵੱਲੋਂ ਪੁੱਛੇ ਸੁਆਲਾਂ ਜਿਵੇਂ ਕਿ ਵੱਖ-ਵੱਖ ਨਦੀਨ ਨਾਸ਼ਕਾਂ ਨੂੰ ਰਲਾਉਣ, ਕਣਕ ਵਿੱਚ ਸਲਫ਼ਰ ਤੱਤ ਦੀ ਵਰਤੋਂ, ਝੋਨੇ ਵਿੱਚ ਮਧਰੇਪਨ ਦੀ ਸੱਮਸਿਆ, ਆਦਿ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ। ਇਸ ਕੈਂਪ ਨੂੰ ਕਾਮਯਾਬ ਕਰਨ ਵਿੱਚ ਸ. ਗੁਰਪਾਲ ਸਿੰਘ ਅਤੇ ਸ. ਸਾਹਿਬ ਸਿੰਘ ਨੇ ਵਿਸ਼ੇਸ ਯੋਗਦਾਨ ਪਾਇਆ।

Posted By: Daily Suraj Bureau

Latest News