ਲੁਧਿਆਣਾ ਦੇ ਨੌਜਵਾਨ ਦੀ ਇੰਡੀਆਨਾ ‘ਚ ਮੌਤ, ਪਰਿਵਾਰ ਨੇ ਮੰਗੀ ਸਰਕਾਰੀ ਮਦਦ
ਰੋਜ਼ੀ-ਰੋਟੀ ਦੀ ਭਾਲ ਵਿੱਚ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦੇ ਦੌਰੇ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਗਹਿਰਾ ਸੋਗ ਛਾ ਗਿਆ ਹੈ ਅਤੇ ਪਿੰਡ ਵਿੱਚ ਵੀ ਗਮੀ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਖੰਨਾ ਨੇੜਲੇ ਪਿੰਡ ਘਣਗਸ ਦਾ ਰਹਿਣ ਵਾਲਾ 29 ਸਾਲਾ ਮਹਿਕ ਸਿੰਘ 1 ਅਪ੍ਰੈਲ 2024 ਨੂੰ ਚੰਗੇ ਭਵਿੱਖ ਦੀ ਖ਼ਾਤਰ ਕੈਨੇਡਾ ਗਿਆ ਸੀ। ਇਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ, ਜਿੱਥੇ ਉਹ ਇੰਡੀਆਨਾ ਵਿੱਚ ਇੱਕ ਸਟੋਰ ‘ਤੇ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਪਿਤਾ ਦੇ ਅਨੁਸਾਰ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਆਖਰੀ ਵਾਰ 15 ਅਪ੍ਰੈਲ ਨੂੰ ਗੱਲਬਾਤ ਹੋਈ ਸੀ। ਉਸ ਵੇਲੇ ਮਹਿਕ ਸਿੰਘ ਬਿਲਕੁਲ ਠੀਕ ਸੀ ਅਤੇ ਪਰਿਵਾਰ ਦਾ ਹਾਲ-ਚਾਲ ਪੁੱਛ ਰਿਹਾ ਸੀ। ਇਸ ਤੋਂ ਬਾਅਦ 22 ਅਪ੍ਰੈਲ ਦੀ ਸਵੇਰ ਨੂੰ ਪਰਿਵਾਰ ਨੂੰ ਫੋਨ ਰਾਹੀਂ ਉਸਦੀ ਮੌਤ ਦੀ ਸੂਚਨਾ ਮਿਲੀ। ਜਾਣਕਾਰੀ ਅਨੁਸਾਰ ਮਹਿਕ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਉਹ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦਾ ਖਰਚਾ ਝੇਲਣ ਦੇ ਯੋਗ ਨਹੀਂ ਹਨ। ਪਰਿਵਾਰ ਦੀ ਇੱਛਾ ਹੈ ਕਿ ਮਹਿਕ ਸਿੰਘ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਵਿੱਚ ਕੀਤਾ ਜਾਵੇ। ਇਸ ਲਈ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਮਦਦ ਦੀ ਅਪੀਲ ਕੀਤੀ ਹੈ।
Posted By: Daily Suraj Bureau