ਗਲੀਆਂ ਦੇ ਕੰਕਰੀਟ ਫਰਸ਼ ਨਾਲ ਪੱਕੇ ਕਰਨ ਦੇ ਵਿਕਾਸ ਕਾਰਜਾਂ ਦਾ ਵਿਧਾਇਕ ਡਾ. ਅਜੇ ਗੁਪਤਾ ਵੱਲੋਂ ਕੀਤਾ ਉਦਘਾਟਨ
ਅੰਮ੍ਰਿਤਸਰ, (ਆਰ.ਕੇ. ਸੋਨੀ) — ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਅੱਜ ਪਿੰਡ ਫਤਿਹਪੁਰ, ਵਾਰਡ ਨੰਬਰ 73 ਵਿੱਚ ਗਲੀਆਂ ਨੂੰ ਕੰਕਰੀਟ ਫਰਸ਼ ਨਾਲ ਪੱਕਾ ਕਰਨ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਖੇਤਰ ਪਹਿਲਾਂ ਲੰਮੇ ਸਮੇਂ ਤੱਕ ਅਣਗੌਲਿਆ ਰਿਹਾ ਸੀ, ਪਰ ਹੁਣ ਇਥੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਵਿਧਾਇਕ ਡਾ. ਗੁਪਤਾ ਨੇ ਦੱਸਿਆ ਕਿ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ ਨਿਰੰਤਰ ਅੱਗੇ ਵੱਧ ਰਹੇ ਹਨ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਸਨੀਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਪ੍ਰਾਥਮਿਕਤਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਹੱਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹਲਕੇ ਦੇ ਲਗਭਗ 53 ਪਾਰਕਾਂ ਵਿੱਚ ਜਨਤਾ ਲਈ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਕੰਮ ਜਾਰੀ ਹਨ। ਨਿਗਮ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਪਾਰਕਾਂ ਨਾਲ ਸੰਬੰਧਿਤ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਸੈਰ ਕਰਨ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਪਾਰਕਾਂ ਦੇ ਰਾਹ ਪੱਧਰੇ ਕੀਤੇ ਜਾ ਰਹੇ ਹਨ ਅਤੇ ਟੁੱਟੀਆਂ ਕੰਧਾਂ ਤੇ ਬੈਠਣ ਲਈ ਬੈਂਚਾਂ ਦੀ ਮੁਰੰਮਤ ਵੀ ਜਲਦੀ ਕੀਤੀ ਜਾ ਰਹੀ ਹੈ।
ਇਸ ਮੌਕੇ ਵਾਰਡ ਇੰਚਾਰਜ ਲੱਖਾ ਡੀਜੇ, ਬਲਾਕ ਇੰਚਾਰਜ ਰੋਸ਼ਨ ਸਿੰਘ ਬਿੰਦਾ, ਗੁਰਦਾਸ ਸਿੰਘ, ਸੰਦੀਪ ਸੋਨੀ, ਜੱਗਾ ਸਿੰਘ ਅਤੇ ਇਲਾਕੇ ਦੇ ਗਣਮਾਨਯ ਲੋਕ ਮੌਜੂਦ ਸਨ।
Posted By: Daily Suraj Bureau