Daily Suraj

ਪੰਜਾਬੀ

112 ਕਰੋੜ ਦੇ ਪ੍ਰੋਜੈਕਟ ਦੇ ਬਾਵਜੁਦ 92 ਪਿੰਡਾਂ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ- ਭੁੱਟਾ

06 Mar, 2026 02:05 PM

( ਮੁਖ਼ਤਿਆਰ ਸਿੰਘ) ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਦੇ ਵੱਡੇ-ਵੱਡੇ ਵਾਅਦੇ ਕਰਦੀ ਆ ਰਹੀ ਹੈ ਜਦੋਂ ਕਿ ਜਮੀਨੀ ਪੱਧਰ ਤੇ ਇਸ ਦਾ ਲੋਕਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਬਲਾਕ ਖੇੜਾ ਅਤੇ ਬਸੀ ਪਠਾਣਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪਿੰਡ ਸਿੰਧੜਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਦੋਵੇ ਬਲਾਕਾਂ ਦੇ 92 ਪਿੰਡਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ 112 ਕਰੋੜ ਦਾ ਪ੍ਰੋਜੈਕਟ ਲਗਾਇਆ ਸੀ ਪ੍ਰੰਤੂ ਇਸ ਦੇ ਬਾਵਜੂਦ ਇਨ੍ਹਾਂ ਪਿੰਡਾਂ ਦੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਈ ਵਾਰ ਵਿਭਾਗ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਵਿਭਾਗ ਨੇ ਪਾਣੀ ਦੀ ਸਪਲਾਈ ਨੂੰ ਠੀਕ ਕਰਨ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ। ਕਈ ਜਗਾ ਤੇ ਪਾਣੀ ਦੀ ਲੀਕੇਜ ਹੋ ਰਹੀ ਹੈ ਜਦੋਂ ਪਾਣੀ ਦੀ ਸਪਲਾਈ ਬੰਦ ਹੁੰਦੀ ਹੈ ਤਾਂ ਉਹੀ ਗੰਦਾ ਪਾਣੀ ਉਨ੍ਹਾਂ ਪਾਈਪਾਂ ਰਾਹੀਂ ਲੋਕਾਂ ਤੱਕ ਪਹੁੰਚਦਾ ਹੈ ਜਿਸ ਨਾਲ ਬਿਮਾਰੀ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਵਿੱਚ ਕੋਈ ਬਿਮਾਰੀ ਫੈਲਦੀ ਹੈ ਤਾਂ ਸਿੱਧਾ ਸਿੱਧੇ ਤੌਰ ਤੇ ਪ੍ਰਸ਼ਾਸਨ ਤੇ ਸਰਕਾਰ ਜਿੰਮੇਵਾਰ ਹੋਵੇਗੀ। ਉਨ੍ਹਾਂ ਵਾਟਰ ਸਪਲਾਈ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਨੂੰ ਤੁਰੰਤ ਠੀਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਣ ਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਪ੍ਰੀਤਮ ਕੌਰ ਸਿੰਧੜਾ, ਪਾਲ ਸਿੰਘ ਸਿੰਧੜਾਂ, ਨੈਬ ਕੌਰ ਸਿੰਧੜਾ ਅਤੇ ਸੁਰਿੰਦਰ ਕੌਰ ਸਿੰਧੜਾ ਆਦਿ ਹਾਜ਼ਰ ਸਨ।

Posted By: Daily Suraj Bureau

Latest News