Daily Suraj

ਪੰਜਾਬੀ

ਇੰਗਲੈਂਡ ਵਿੱਚ ਪੰਜਾਬੀ ਨੌਜਵਾਨ ਦਾ ਕਤਲ, ਤਰਨਤਾਰਨ ਦੇ ਪਿੰਡ ਮਹਿੰਦੀਪੁਰ ਵਿੱਚ ਸੋਗ

12 Jun, 2026 03:07 PM

ਵਿਦੇਸ਼ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਨੇੜਲੇ ਸਰਹੱਦੀ ਪਿੰਡ ਮਹਿੰਦੀਪੁਰ ਨਾਲ ਸੰਬੰਧਿਤ ਇੱਕ ਪੰਜਾਬੀ ਨੌਜਵਾਨ ਦੀ ਇੰਗਲੈਂਡ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਅਤੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਗੁਰਭੇਜ ਸਿੰਘ (26) ਵਜੋਂ ਹੋਈ ਹੈ। ਉਹ ਕਰੀਬ ਚਾਰ ਸਾਲ ਪਹਿਲਾਂ ਰੋਜ਼ਗਾਰ ਲਈ ਇੰਗਲੈਂਡ ਗਿਆ ਸੀ ਅਤੇ ਉੱਥੇ ਰਹਿ ਕੇ ਨੌਕਰੀ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ, ਇੰਗਲੈਂਡ ਦੇ ਸਾਊਥਾਲ ਸ਼ਹਿਰ ਵਿੱਚ ਇੱਕ ਨੌਜਵਾਨ ਨੇ ਗੁਰਭੇਜ ਸਿੰਘ 'ਤੇ ਪਿੱਛੋਂ ਕਿਰਚ ਨਾਲ ਹਮਲਾ ਕਰ ਦਿੱਤਾ। ਹਮਲਾ ਇੰਨਾ ਗੰਭੀਰ ਸੀ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਗੁਰਭੇਜ ਸਿੰਘ ਨਾਲ ਰਹਿ ਰਹੇ ਹੋਰ ਪੰਜਾਬੀ ਨੌਜਵਾਨਾਂ ਰਾਹੀਂ ਮਿਲੀ। ਘਟਨਾ ਤੋਂ ਬਾਅਦ ਸਾਊਥਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੱਤਿਆ ਦੇ ਕਾਰਨਾਂ ਅਤੇ ਪੂਰੇ ਘਟਨਾਕ੍ਰਮ ਬਾਰੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੱਸਿਆ ਗਿਆ ਹੈ ਕਿ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਸਥਾਨਕ ਹਸਪਤਾਲ ਵਿੱਚ ਰੱਖਿਆ ਗਿਆ ਹੈ। ਉਹ ਆਪਣੇ ਪਰਿਵਾਰ ਵਿੱਚ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਦਰਦਨਾਕ ਘਟਨਾ ਨਾਲ ਪਰਿਵਾਰ ਸਮੇਤ ਪਿੰਡ ਵਿੱਚ ਗਹਿਰੇ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ।

Posted By: Daily Suraj Bureau

Latest News