Daily Suraj

ਪੰਜਾਬੀ

ਅਮਰੀਕਾ 'ਚ ICE ਦੀ ਵੱਡੀ ਕਾਰਵਾਈ: ਬੋਸਟਨ 'ਚ ਚੈਕਿੰਗ ਦੌਰਾਨ ਪੰਜਾਬੀ ਟਰੱਕ ਡਰਾਈਵਰ ਸਤਵੀਰ ਸਿੰਘ ਗ੍ਰਿਫ਼ਤਾਰ

15 Sep, 2026 08:08 AM

ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਇੱਕ ਵਿਸ਼ੇਸ਼ ਮੁਹਿੰਮ ਦੌਰਾਨ ਬੋਸਟਨ ਦੇ ਹਿਲਸਬਰੋਅ ਵਿਖੇ ਇੱਕ ਕਮਰਸ਼ੀਅਲ ਵਾਹਨ ਜਾਂਚ ਸਟੇਸ਼ਨ 'ਤੇ ਕਾਰਵਾਈ ਕਰਦਿਆਂ ਪੰਜਾਬੀ ਮੂਲ ਦੇ ਭਾਰਤੀ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਊ ਜਰਸੀ ਦੇ ਰਹਿਣ ਵਾਲੇ ਅਤੇ ਅੰਤਰ-ਰਾਜ ਟਰੱਕਿੰਗ ਖੇਤਰ ਵਿੱਚ ਕੰਮ ਕਰਦੇ ਸਤਵੀਰ ਸਿੰਘ ਨੂੰ 11 ਸਤੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਜਾਣਕਾਰੀ ਸਾਂਝੀ ਕਰਦਿਆਂ ਆਈ.ਸੀ.ਈ. ਨੇ ਦੱਸਿਆ ਕਿ ਸਤਵੀਰ ਸਿੰਘ ਸਾਲ 2017 ਵਿੱਚ ਕਾਨੂੰਨੀ ਦਸਤਾਵੇਜ਼ਾਂ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ। ਹਾਲਾਂਕਿ, ਉਸ ਤੋਂ ਬਾਅਦ ਅੱਠ ਸਾਲਾਂ ਤੋਂ ਵੱਧ ਸਮੇਂ ਤੱਕ ਦੇਸ਼ ਵਿੱਚ ਅਣਅਧਿਕਾਰਤ ਤੌਰ 'ਤੇ ਰਹਿ ਕੇ ਉਸ ਨੇ ਆਪਣੇ ਵੀਜ਼ਾ ਅਤੇ ਦਾਖਲੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਹ ਗ੍ਰਿਫ਼ਤਾਰੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ (DHS) ਨੇ ਬਿਨਾਂ ਦਸਤਾਵੇਜ਼ਾਂ ਤੋਂ ਟਰੱਕ ਚਲਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਵਿਵਾਦਿਤ ਡਿਜੀਟਲ ਪੋਸਟਰ ਨੂੰ ਹਟਾਇਆ ਸੀ। ਇਸ ਏ.ਆਈ. (AI) ਦੁਆਰਾ ਤਿਆਰ ਕੀਤੇ ਪੋਸਟਰ ਵਿੱਚ ਭੂਰੀ ਦਾੜ੍ਹੀ ਵਾਲੇ ਵਿਅਕਤੀ ਦੀ ਤਸਵੀਰ ਨਾਲ "ਸਾਡੀਆਂ ਸੜਕਾਂ ਤੋਂ ਪਾਸੇ ਹੋ ਜਾਓ, ਤੁਹਾਨੂੰ ਡਰਾਈਵਿੰਗ ਕਰਨੀ ਨਹੀਂ ਆਉਂਦੀ, ਮਿਸਟਰ ਸਿੰਘ" ਲਿਖਿਆ ਗਿਆ ਸੀ। ਇਸ ਇਸ਼ਤਿਹਾਰ ਦਾ ਭਾਰਤੀ-ਅਮਰੀਕੀ ਅਤੇ ਸਿੱਖ ਸੰਸਥਾਵਾਂ ਸਮੇਤ ਡੈਮੋਕ੍ਰੇਟਿਕ ਆਗੂਆਂ ਗੈਵਿਨ ਨਿਊਸੌਮ ਅਤੇ ਰਾਜਾ ਕ੍ਰਿਸ਼ਨਾਮੂਰਤੀ ਨੇ ਸਖ਼ਤ ਵਿਰੋਧ ਕੀਤਾ ਸੀ। ਜ਼ਿਕਰਯੋਗ ਹੈ ਕਿ ਜਨਵਰੀ 2025 ਵਿੱਚ ਡੋਨਲਡ ਟਰੰਪ ਦੇ ਦੂਜੀ ਵਾਰ ਵ੍ਹਾਈਟ ਹਾਊਸ ਸੰਭਾਲਣ ਤੋਂ ਬਾਅਦ ਅਮਰੀਕਾ ਵਿੱਚ ਗੈਰ-ਕਾਨੂੰਨੀ ਇਮੀਗ੍ਰੈਂਟਸ ਖ਼ਿਲਾਫ਼ ਕਾਰਵਾਈ ਕਾਫ਼ੀ ਤੇਜ਼ ਹੋ ਗਈ ਹੈ। ਸਾਲ 2002 ਦੇ ਹੋਮਲੈਂਡ ਸਕਿਓਰਿਟੀ ਐਕਟ ਤਹਿਤ ਸਥਾਪਿਤ ਹੋਈ ਆਈ.ਸੀ.ਈ. ਏਜੰਸੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਪਾਲਣਾ ਕਰਵਾਉਣ ਲਈ ਜਨਤਕ ਥਾਵਾਂ 'ਤੇ ਲਗਾਤਾਰ ਗ੍ਰਿਫ਼ਤਾਰੀਆਂ ਕਰ ਰਹੀ ਹੈ।

Posted By: Daily Suraj Bureau

Latest News