ਵੈਸਟਰਨ ਟਾਵਰਜ਼ ਸੁਸਾਇਟੀ ਵਿੱਚ ਛਾਪੇਮਾਰੀ ਦੌਰਾਨ 21 ਲੱਖ ਰੁਪਏ ਬਰਾਮਦ
ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਨੂੰ ਮੋਹਾਲੀ ਦੇ ਖਰੜ ਸਥਿਤ ਨਾਮੀ ਹਾਊਸਿੰਗ ਸੁਸਾਇਟੀ ‘ਵੈਸਟਰਨ ਟਾਵਰਜ਼’ ਵਿੱਚ ਇੱਕ ਫਲੈਟ ’ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਨਕਦੀ ਨਾਲ ਭਰੇ ਬੈਗ ਨੂੰ ਲੈ ਕੇ ਸੁਸਾਇਟੀ ਵਿੱਚ ਖਲਬਲੀ ਮਚ ਗਈ। ਜਾਣਕਾਰੀ ਅਨੁਸਾਰ ਛਾਪੇਮਾਰੀ ਆਈਟੀ ਸੈਕਟਰ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਦੇ ਘਰ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਈਡੀ ਦੀ ਟੀਮ ਸੁਸਾਇਟੀ ਵਿੱਚ ਪਹੁੰਚੀ, ਕਿਸੇ ਵਿਅਕਤੀ ਵੱਲੋਂ ਰਿਹਾਇਸ਼ੀ ਟਾਵਰ ਦੀ ਨੌਵੀਂ ਮੰਜ਼ਿਲ ਤੋਂ ਨੋਟਾਂ ਨਾਲ ਭਰਿਆ ਇੱਕ ਬੈਗ ਹੇਠਾਂ ਸੁੱਟ ਦਿੱਤਾ ਗਿਆ। ਸੂਤਰਾਂ ਮੁਤਾਬਕ ਹੇਠਾਂ ਪਹਿਲਾਂ ਤੋਂ ਖੜ੍ਹੇ ਇੱਕ ਡਰਾਈਵਰ ਨੇ ਤੁਰੰਤ ਉਹ ਬੈਗ ਚੁੱਕ ਲਿਆ ਅਤੇ ਮੌਕੇ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਈਡੀ ਟੀਮ ਦੀ ਨਜ਼ਰ ਉਸ ’ਤੇ ਪੈ ਗਈ ਅਤੇ ਅਧਿਕਾਰੀਆਂ ਨੇ ਡਰਾਈਵਰ ਦਾ ਪਿੱਛਾ ਕੀਤਾ। ਜਾਣਕਾਰੀ ਅਨੁਸਾਰ ਟੀਮ ਨੇ ਨਕਦੀ ਵਾਲਾ ਬੈਗ ਲੈ ਕੇ ਭੱਜ ਰਹੇ ਡਰਾਈਵਰ ਨੂੰ ਕਾਬੂ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਬੈਗ ਵਿੱਚੋਂ ਕਰੀਬ 21 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਈਡੀ ਅਧਿਕਾਰੀਆਂ ਵੱਲੋਂ ਇਸ ਮਾਮਲੇ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ।
Posted By: Daily Suraj Bureau