ਕੰਸਾਸ ਵਿੱਚ ਵੱਡੇ ਕਾਰੋਬਾਰ ਅਤੇ ਨੌਕਰੀਆਂ ਦਾ ਹਵਾਲਾ ਮਿਲਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦਾ ਰੁਖ਼ ਪਿਆ ਨਰਮ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ ਦੀ ਪ੍ਰਮੁੱਖ ਜਹਾਜ਼ ਨਿਰਮਾਤਾ ਕੰਪਨੀ ‘ਬੰਬਾਰਡੀਅਰ’ (Bombardier) ਨੂੰ ਅਮਰੀਕੀ ਬਾਜ਼ਾਰ ਤੋਂ ਬਾਹਰ ਕਰਨ ਅਤੇ ਇਸ ਦੇ ਜਹਾਜ਼ਾਂ ਦੀ ਵਿਕਰੀ 'ਤੇ ਰੋਕ ਲਗਾਉਣ ਦੀ ਆਪਣੀ ਪਛਲੀ ਧਮਕੀ ਤੋਂ ਪਿੱਛੇ ਹਟਣ ਦੇ ਸਪੱਸ਼ਟ ਸੰਕੇਤ ਦਿੱਤੇ ਹਨ। ਕੰਸਾਸ ਸੂਬੇ ਦੇ ਵਿਚੀਟਾ ਸ਼ਹਿਰ ਵਿੱਚ ਕੰਪਨੀ ਦੇ ਵੱਡੇ ਕਾਰੋਬਾਰ, ਆਰਥਿਕ ਯੋਗਦਾਨ ਅਤੇ ਸਥਾਨਕ ਰੁਜ਼ਗਾਰ ਬਾਰੇ ਮੁਕੰਮਲ ਜਾਣਕਾਰੀ ਮਿਲਣ ਤੋਂ ਬਾਅਦ ਟਰੰਪ ਦੇ ਰੁਖ਼ ਵਿੱਚ ਇਹ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਸੋਮਵਾਰ ਨੂੰ ਆਪਣੇ ਬਿਆਨ ਵਿੱਚ ਰਾਸ਼ਟਰਪਤੀ ਟਰੰਪ ਨੇ ਆਖਿਆ ਕਿ ਉਨ੍ਹਾਂ ਦਾ ਪ੍ਰਸ਼ਾਸਨ ਬੰਬਾਰਡੀਅਰ ਨਾਲ ਜੁੜੇ ਅਮਰੀਕੀ ਲੋਕਾਂ ਅਤੇ ਉਨ੍ਹਾਂ ਦੇ ਰੁਜ਼ਗਾਰ ਦੀ ਪੂਰੀ ਦੇਖਭਾਲ ਅਤੇ ਸੁਰੱਖਿਆ ਕਰੇਗਾ। ਜ਼ਿਕਰਯੋਗ ਹੈ ਕਿ ਇਹ ਕੈਨੇਡੀਅਨ ਕੰਪਨੀ ਵਿਚੀਟਾ ਵਿੱਚ ਇਕੱਲੇ ਹੀ ਲਗਭਗ 1,500 ਲੋਕਾਂ ਨੂੰ ਨੌਕਰੀਆਂ ਦਿੰਦੀ ਹੈ, ਜਦਕਿ ਪੂਰੇ ਅਮਰੀਕਾ ਵਿੱਚ ਇਸ ਦੇ ਕਰਮਚਾਰੀਆਂ ਦੀ ਗਿਣਤੀ ਲਗਭਗ 3,500 ਦੇ ਕਰੀਬ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਕੈਨੇਡਾ ਨਾਲ ਚੱਲ ਰਹੇ ਵਪਾਰਕ ਤਣਾਅ ਦਰਮਿਆਨ ਟਰੰਪ ਨੇ ਅਮਰੀਕਾ ਅੰਦਰ ਬੰਬਾਰਡੀਅਰ ਦੇ ਜਹਾਜ਼ਾਂ ਦੀ ਵਿਕਰੀ 'ਤੇ ਮੁਕੰਮਲ ਬੈਨ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਟਰੰਪ ਦੀ ਇਸ ਧਮਕੀ ਤੋਂ ਬਾਅਦ ਕੰਸਾਸ ਸੂਬੇ ਦੇ ਕਈ ਪ੍ਰਮੁੱਖ ਸਿਆਸੀ ਆਗੂਆਂ ਅਤੇ ਪ੍ਰਤੀਨਿਧੀਆਂ ਨੇ ਵ੍ਹਾਈਟ ਹਾਊਸ ਨਾਲ ਸੰਪਰਕ ਕਰ ਕੇ ਉੱਥੋਂ ਦੀਆਂ ਸਥਾਨਕ ਨੌਕਰੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਅਪੀਲ ਕੀਤੀ ਸੀ। ਦੂਜੇ ਪਾਸੇ, ਕੈਨੇਡਾ ਦੇ ਅਮਰੀਕਾ ਨਾਲ ਵਪਾਰ ਬਾਰੇ ਮੰਤਰੀ ਡੋਮਿਨਿਕ ਲੇਬਲਾਂਕ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਬੰਬਾਰਡੀਅਰ ਅਮਰੀਕੀ ਅਰਥਚਾਰੇ ਅਤੇ ਹਵਾਬਾਜ਼ੀ ਖੇਤਰ ਨਾਲ ਬਹੁਤ ਡੂੰਘੇ ਤੌਰ ’ਤੇ ਜੁੜੀ ਹੋਈ ਹੈ। ਇਸੇ ਦੌਰਾਨ ਕੰਪਨੀ ਨੇ ਅਮਰੀਕੀ ਬਾਜ਼ਾਰ ਪ੍ਰਤੀ ਆਪਣੀ ਵਚਨਬੱਧਤਾ ਦਰਸਾਉਂਦਿਆਂ ਪਿਛਲੇ ਹਫ਼ਤੇ ਹੀ ਵਿਚੀਟਾ ਵਿੱਚ 5 ਕਰੋੜ ਅਮਰੀਕੀ ਡਾਲਰ ਦੇ ਨਵੇਂ ਨਿਵੇਸ਼ ਦਾ ਐਲਾਨ ਵੀ ਕੀਤਾ ਸੀ।