ਲੁਧਿਆਣਾ ’ਚ ਦਰਦਨਾਕ ਹਾਦਸਾ, ਯੂਨੀਵਰਸਿਟੀ ਦੀ ਦੂਜੀ ਮੰਜ਼ਿਲ ਤੋਂ ਡਿੱਗੀ ਵਿਦਿਆਰਥਣ
ਲੁਧਿਆਣਾ ਦੇ ਜਗਰਾਉਂ ਸਥਿਤ CT ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਦੂਜੀ ਮੰਜ਼ਿਲ ਤੋਂ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਹ ਕੁਝ ਹੋਰ ਵਿਦਿਆਰਥਣਾਂ ਨਾਲ ਯੂਨੀਵਰਸਿਟੀ ਵਿੱਚ ਲਿਫਟ ਦੀ ਉਡੀਕ ਕਰ ਰਹੀ ਸੀ। ਇਸੇ ਦੌਰਾਨ ਉਹ ਲਿਫਟ ਦੇ ਕੋਲ ਬਣੀਆਂ ਪੌੜੀਆਂ ਦੀ ਸਟੀਲ ਦੀ ਰੇਲਿੰਗ ‘ਤੇ ਬੈਠ ਗਈ। ਜਦੋਂ ਲਿਫਟ ਆਈ ਅਤੇ ਬਾਕੀ ਵਿਦਿਆਰਥਣਾਂ ਉਸ ਵਿੱਚ ਸਵਾਰ ਹੋਣ ਲੱਗੀਆਂ, ਤਾਂ ਰੇਲਿੰਗ ‘ਤੇ ਬੈਠੀ ਵਿਦਿਆਰਥਣ ਦਾ ਅਚਾਨਕ ਸੰਤੁਲਨ ਵਿਗੜ ਗਿਆ। ਸੰਤੁਲਨ ਵਿਗੜਨ ਕਾਰਨ ਉਹ ਪਿੱਛੇ ਵੱਲ ਪਿੱਠ ਦੇ ਭਾਰ ਹੇਠਾਂ ਡਿੱਗ ਗਈ। ਇਸ ਹਾਦਸੇ ਵਿੱਚ ਵਿਦਿਆਰਥਣ ਨੂੰ ਗੰਭੀਰ ਸੱਟਾਂ ਲੱਗੀਆਂ। ਘਟਨਾ ਦੇ ਤੁਰੰਤ ਬਾਅਦ ਯੂਨੀਵਰਸਿਟੀ ਸਟਾਫ ਨੇ ਵਿਦਿਆਰਥਣ ਨੂੰ ਚੁੱਕ ਕੇ ਲੁਧਿਆਣਾ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਛਾਣ ਸ਼ਬਨਮ ਖਾਤੂਨ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਸਵਹੂਰ ਦੀ ਰਹਿਣ ਵਾਲੀ ਸੀ। ਮ੍ਰਿਤਕਾ ਦੀਆਂ ਦੋ ਭੈਣਾਂ ਅਤੇ ਦੋ ਭਰਾ ਹਨ।
Posted By: Daily Suraj Bureau