Daily Suraj

ਪੰਜਾਬੀ

ਕਾਰਖ਼ਾਨੇ ਦੀ ਇਮਾਰਤ ਵਿੱਚ ਅੱਗ ਕਾਰਨ ਸਿਲੰਡਰ ਫਟੇ, ਬਚਾਅ ਕਾਰਜ ਜਾਰੀ

19 Mar, 2026 03:21 PM

ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਵੀਰਵਾਰ ਸਵੇਰੇ ਇੱਕ ਕਢਾਈ ਕਾਰਖ਼ਾਨੇ ਵਾਲੀ ਇਮਾਰਤ ਵਿੱਚ ਅੱਗ ਲੱਗਣ ਤੋਂ ਬਾਅਦ ਗੈਸ ਸਿਲੰਡਰ ਫਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਨੌਂ ਹੋਰ ਜਖ਼ਮੀ ਹੋ ਗਏ। ਫਾਇਰ ਬ੍ਰਿਗੇਡ ਦੇ ਅਧਿਕਾਰੀ ਅਨੁਸਾਰ ਇਹ ਘਟਨਾ ਸਵੇਰੇ ਕਰੀਬ 5.30 ਵਜੇ ਕਪੋਦਰਾ ਖੇਤਰ ਦੇ ਭਰਤਨਗਰ ਵਿੱਚ ਰਚਨਾ ਸਰਕਲ ਨੇੜੇ ਸਥਿਤ ਇਕ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਵਾਪਰੀ। ਅੱਗ ਲੱਗਣ ਤੋਂ ਬਾਅਦ ਇਮਾਰਤ ਵਿੱਚ ਮੌਜੂਦ ਗੈਸ ਸਿਲੰਡਰਾਂ ਵਿੱਚੋਂ ਦੋ ਸਿਲੰਡਰ ਫਟ ਗਏ, ਜਿਸ ਨਾਲ ਹਾਲਾਤ ਹੋਰ ਗੰਭੀਰ ਹੋ ਗਏ। ਅਧਿਕਾਰੀਆਂ ਮੁਤਾਬਕ ਇਮਾਰਤ ਵਿੱਚ ਕੁੱਲ ਅੱਠ ਗੈਸ ਸਿਲੰਡਰ ਰੱਖੇ ਹੋਏ ਸਨ। ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਐਲਪੀਜੀ ਸਿਲੰਡਰ ਫਟਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਸੂਚਨਾ ਮਿਲਣ ਉਪਰੰਤ ਚਾਰ ਫਾਇਰ ਸਟੇਸ਼ਨਾਂ ਤੋਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਬਚਾਅ ਕਾਰਜ ਦੌਰਾਨ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਇਮਾਰਤ ਦੀ ਤੀਜੀ ਮੰਜ਼ਿਲ ਨੂੰ ਢੱਕ ਰਹੀ ਇੱਕ ਸ਼ੀਟ ਤੋੜ ਕੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਿਆ। ਕੁੱਲ 11 ਵਿਅਕਤੀਆਂ ਨੂੰ ਰੈਸਕਿਊ ਕਰਕੇ ਹਸਪਤਾਲ ਭੇਜਿਆ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ, ਜਦਕਿ ਨੌਂ ਜਖ਼ਮੀ ਹਨ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ।

Posted By: Daily Suraj Bureau

Latest News