Daily Suraj

ਪੰਜਾਬੀ

ਐਡਿਸ਼ਨਲ ਕਮਿਸ਼ਨਰ ਵੱਲੋਂ ਪਿਮਸਿਪ ਪ੍ਰੋਜੈਕਟ ਦੀ ਸਮੀਖਿਆ, ਸਾਲ ਅੰਤ ਤੱਕ ਨਹਿਰੀ ਪਾਣੀ ਸਪਲਾਈ ਸ਼ੁਰੂ ਕਰਨ ਦੇ ਨਿਰਦੇਸ਼

14 May, 2026 05:22 PM

(ਆਰ.ਕੇ. ਸੋਨੀ) – ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦੇ ਐਡਿਸ਼ਨਲ ਕਮਿਸ਼ਨਰ ਡਾ. ਜੈਇੰਦਿਰ ਸਿੰਘ ਵੱਲੋਂ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫ੍ਰਾਸਟਰਕਚਰ ਇਨਵੈਸਟਮੈਂਟ ਬੈਂਕ ਦੇ ਸਹਿਯੋਗ ਨਾਲ ਚੱਲ ਰਹੇ ਪੰਜਾਬ ਮਿਊਨਿਸਿਪਲ ਸਰਵਿਸਿਜ਼ ਇੰਪ੍ਰੂਵਮੈਂਟ ਪ੍ਰੋਜੈਕਟ (ਪਿਮਸਿਪ) ਦੀ ਸਮੀਖਿਆ ਬੈਠਕ ਕੀਤੀ ਗਈ।ਬੈਠਕ ਦੌਰਾਨ ਨਗਰ ਨਿਗਮ ਦੀਆਂ ਸੇਵਾਵਾਂ ਨੂੰ ਆਧੁਨਿਕ ਅਤੇ ਬਿਹਤਰ ਬਣਾਉਣ ਲਈ ਚੱਲ ਰਹੇ ਕੰਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪਿਮਸਿਪ ਤਹਿਤ ਈ-ਗਵਰਨੈਂਸ ਨੂੰ ਮਜ਼ਬੂਤ ਕਰਨ ਲਈ ਨਿਗਮ ਦੇ ਪੁਰਾਣੇ ਰਿਕਾਰਡਾਂ ਦਾ ਡਿਜੀਟਾਈਜ਼ੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਪਹਿਲੇ ਪੜਾਅ ਵਿੱਚ ਜਨਮ ਅਤੇ ਮੌਤ ਵਿਭਾਗ ਦੇ ਰਿਕਾਰਡਾਂ ਨੂੰ 300 ਡੀਪੀਆਈ ਗੁਣਵੱਤਾ ਨਾਲ ਸਕੈਨ ਕਰਕੇ ਡਿਜੀਟਲ ਰੂਪ ਵਿੱਚ ਸੰਭਾਲਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਰਿਕਾਰਡਾਂ ਦੀ ਸੁਰੱਖਿਆ ਅਤੇ ਸੁਚੱਜੇ ਪ੍ਰਬੰਧ ਲਈ ਕੰਪੈਕਟਰ ਲਗਾਉਣ ਦਾ ਕਰੀਬ 33 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ, ਜਿਸ ਨਾਲ ਭਵਿੱਖ ਵਿੱਚ ਫਾਈਲਾਂ ਅਤੇ ਦਸਤਾਵੇਜ਼ਾਂ ਦੀ ਸੰਭਾਲ ਹੋਰ ਸੁਗਮ ਹੋਵੇਗੀ।ਜੀਆਈਐਸ ਸਰਵੇਖਣ ਸਬੰਧੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਏਜੰਸੀ ਵੱਲੋਂ 42 ਸਰਵੇਖਣਕਰਤਾ ਤਾਇਨਾਤ ਕੀਤੇ ਗਏ ਹਨ, ਜਿਸ ਨਾਲ ਸਰਵੇਖਣ ਦੀ ਗਤੀ ਵਿੱਚ ਕਾਫ਼ੀ ਤੇਜ਼ੀ ਆਈ ਹੈ। ਹੁਣ ਰੋਜ਼ਾਨਾ ਕਰੀਬ 800 ਤੋਂ 1000 ਜਾਇਦਾਦਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ (ਏ.ਬੀ.ਡਬਲਯੂ.ਐੱਸ.ਐੱਸ.) ਦੀ ਸਮੀਖਿਆ ਕਰਦਿਆਂ ਲਾਰਸਨ ਐਂਡ ਟੂਬਰੋ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਜੂਨ ਮਹੀਨੇ ਦੇ ਅੰਤ ਤੱਕ ਅੱਪਰ ਬਾਰੀ ਦੁਆਬ ਨਹਿਰ ਤੋਂ ਪਾਣੀ ਵੱਲਾ ਵਿਖੇ ਬਣ ਰਹੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਰਾ ਵਾਟਰ ਰਿਜ਼ਰਵੋਇਰ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਪਲਾਂਟ ਦੀ ਟੈਸਟਿੰਗ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ। ਪੀਸੀਪੀਸੀਐਲ ਵੱਲੋਂ ਪਲਾਂਟ ਨੂੰ ਬਿਜਲੀ ਸਪਲਾਈ ਦੇਣ ਲਈ 66 ਕੇਵੀ ਟਰਾਂਸਮਿਸ਼ਨ ਲਾਈਨ ਦੇ ਖੰਭੇ ਲਗਾਉਣ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ ਅਤੇ ਜਲਦ ਹੀ ਤਾਰਾਂ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਐਡਿਸ਼ਨਲ ਕਮਿਸ਼ਨਰ ਡਾ. ਜੈਇੰਦਿਰ ਸਿੰਘ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇ ਅਤੇ ਅਧਿਕਾਰੀ ਕੰਮ ਦੀ ਪ੍ਰਗਤੀ ਉੱਤੇ ਨੇੜਿਓਂ ਨਿਗਰਾਨੀ ਰੱਖਣ ਤਾਂ ਜੋ ਸ਼ਹਿਰ ਵਿੱਚ ਇਸ ਸਾਲ ਦੇ ਅੰਤ ਤੱਕ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾ ਸਕੇ। ਬੈਠਕ ਵਿੱਚ ਐਸਈ ਪ੍ਰੋਜੈਕਟ ਡਾ. ਜਿਤਿਨ ਵਾਸੂਦੇਵਾ, ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਸੈਣੀ, ਐਕਸੀਅਨ ਸੁਨੀਲ ਮਹਾਜਨ, ਨਰਿੰਦਰਪਾਲ ਸਿੰਘ, ਜਤਿੰਦਰ ਵੰਸਿਲ, ਸੁਸ਼ਾਂਤ ਭਾਟੀਆ, ਗਿਰੀਰਾਜ ਸਿੰਘ ਹਾਡਾ ਅਤੇ ਲਾਰਸਨ ਐਂਡ ਟੂਬਰੋ ਦੇ ਅਧਿਕਾਰੀ ਸ਼ਿਵਰਾਮਾ ਕ੍ਰਿਸ਼ਨਾ, ਸੰਜੇ ਕੁਮਾਰ ਅਤੇ ਅਨਿਲ ਕੁਮਾਰ ਵਿੰਦ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Posted By: Daily Suraj Bureau

Latest News