ਹੋਰਮੁਜ਼ ਵਿੱਚ ਭਾਰਤੀ ਦੀ ਮੌਤ ਮਗਰੋਂ ਕੇਂਦਰ ਸਰਕਾਰ ਦਾ ਐਕਸ਼ਨ, ਵਿਦੇਸ਼ ਮੰਤਰਾਲੇ ਨੇ ਦਰਜ ਕਰਵਾਇਆ ਸਖ਼ਤ ਵਿਰੋਧ
ਸਟ੍ਰੇਟ ਆਫ਼ ਹੋਰਮੁਜ਼ ਵਿੱਚ ਹੋਏ ਹਮਲੇ ਦੌਰਾਨ ਇੱਕ ਭਾਰਤੀ ਨਾਗਰਿਕ ਦੀ ਮੌਤ ਤੋਂ ਬਾਅਦ ਕੇਂਦਰ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ। ਜਾਣਕਾਰੀ ਅਨੁਸਾਰ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਸਥਿਤ ਈਰਾਨੀ ਦੂਤਾਵਾਸ ਦੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤਾ। ਇਨ੍ਹਾਂ ਵਿੱਚ ਡਿਪਟੀ ਚੀਫ਼ ਆਫ਼ ਮਿਸ਼ਨ ਮੁਹੰਮਦ ਜਵਾਦ ਹੁਸੈਨੀ ਵੀ ਸ਼ਾਮਲ ਹਨ। ਇਸ ਹਮਲੇ ਵਿੱਚ ਇੱਕ ਭਾਰਤੀ ਦੀ ਮੌਤ ਹੋਣ ਦੇ ਨਾਲ ਛੇ ਹੋਰ ਭਾਰਤੀ ਨਾਗਰਿਕ ਜ਼ਖਮੀ ਹੋਏ ਹਨ। ਭਾਰਤ ਨੇ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਯੂਏਈ ਦੇ ਤੇਲ ਟੈਂਕਰ ਐਮਟੀ ਅਲ ਬਹੀਆ ਅਤੇ ਐਮਟੀ ਮੋਂਬਾਸਾ 'ਤੇ ਹੋਏ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਦੋਵਾਂ ਜਹਾਜ਼ਾਂ 'ਤੇ ਕੁੱਲ 30 ਭਾਰਤੀ ਨਾਵਿਕ ਸਵਾਰ ਸਨ। ਹਮਲੇ ਦੌਰਾਨ ਇੱਕ ਭਾਰਤੀ ਨਾਵਿਕ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਈਰਾਨ ਦੇ ਉਪ ਰਾਜਦੂਤ ਨੂੰ ਤਲਬ ਕਰਕੇ ਇਸ ਘਟਨਾ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ। ਭਾਰਤ ਨੇ ਖੇਤਰ ਵਿੱਚ ਤੁਰੰਤ ਹਿੰਸਾ ਰੋਕਣ, ਨਾਵਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਅੰਤਰਰਾਸ਼ਟਰੀ ਸਮੁੰਦਰੀ ਮਾਰਗਾਂ 'ਤੇ ਸੁਰੱਖਿਅਤ ਆਵਾਜਾਈ ਅਤੇ ਨਿਰਵਿਘਨ ਵਪਾਰ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਜਾਣਕਾਰੀ ਦਿੱਤੀ ਸੀ ਕਿ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਦੋ ਤੇਲ ਟੈਂਕਰਾਂ 'ਤੇ ਕਥਿਤ ਈਰਾਨੀ ਮਿਜ਼ਾਈਲ ਹਮਲੇ ਹੋਏ ਹਨ। ਯੂਏਈ ਦੇ ਅਨੁਸਾਰ ਇਸ ਹਮਲੇ ਵਿੱਚ ਚਾਲਕ ਦਲ ਦੇ ਇੱਕ ਭਾਰਤੀ ਮੈਂਬਰ ਦੀ ਮੌਤ ਹੋਈ, ਜਦਕਿ ਅੱਠ ਹੋਰ ਜ਼ਖਮੀ ਹੋਏ। ਜ਼ਖਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਗਈ ਹੈ। ਯੂਏਈ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਜ਼ਖਮੀਆਂ ਵਿੱਚ ਛੇ ਭਾਰਤੀ ਅਤੇ ਦੋ ਯੂਕਰੇਨੀ ਨਾਗਰਿਕ ਸ਼ਾਮਲ ਹਨ। ਮੰਤਰਾਲੇ ਨੇ ਆਪਣੇ ਬਿਆਨ ਵਿੱਚ ਇਸ ਘਟਨਾ ਨੂੰ "ਕਾਇਰਾਨਾ ਹਮਲਾ" ਕਰਾਰ ਦਿੰਦਿਆਂ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਦੀ ਗੰਭੀਰ ਉਲੰਘਣਾ ਹੈ ਅਤੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਲਈ ਸਿੱਧਾ ਖ਼ਤਰਾ ਪੈਦਾ ਕਰਦੀ ਹੈ।
Posted By: Daily Suraj Bureau