ਵਿਦਿਆਰਥੀਆਂ ਨੂੰ ਜਾਨਵਰਾਂ ਦੇ ਕੱਟਣ ਅਤੇ ਸੱਪ ਦੇ ਡੱਸਣ ਤੋਂ ਸੁਰੱਖਿਆ ਬਾਰੇ ਜਾਗਰੂਕ ਕੀਤਾ ਗਿਆ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿੱਚ “ਜਾਨਵਰਾਂ ਦੇ ਕੱਟਣ ਬਾਰੇ ਜਾਗਰੂਕਤਾ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਨੂੰ ਐਨ.ਐੱਸ.ਐੱਸ. ਵਿੰਗ, ਯੂਨੀਵਰਸਿਟੀ ਅਤੇ ਰੈੱਡ ਕਰਾਸ ਬਠਿੰਡਾ ਦੇ ਸਾਂਝੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਲੈਕਚਰ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਨੂੰ ਜਾਨਵਰਾਂ ਦੇ ਕੱਟਣ ਤੋਂ ਬਚਾਅ, ਮੁੱਖਲੀ ਸਹਾਇਤਾ ਅਤੇ ਸਮੇਂ-ਸਿਰ ਇਲਾਜ ਬਾਰੇ ਜਾਣੂ ਕਰਵਾਉਣਾ ਸੀ। ਇਹ ਪ੍ਰੋਗਰਾਮ ਆਲ ਇੰਡੀਆ ਕੌਂਸਿਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੁਪਰੀਮ ਕੋਰਟ ਦੇ 07.11.2025 ਦੇ ਆਦੇਸ਼ ਅਨੁਸਾਰ, ਵਿਦਿਆਰਥੀਆਂ ਵਿੱਚ ਕੁੱਤਿਆਂ ਦੇ ਕੱਟਣ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ। ਸੈਸ਼ਨ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਜਾਨਵਰਾਂ ਦੇ ਕੱਟਣ ਨਾਲ ਜੁੜੇ ਖਤਰਿਆਂ ਬਾਰੇ ਜਾਣੂ ਕਰਵਾਇਆ ਗਿਆ। ਮਾਹਿਰਾਂ ਨੇ ਰੇਬੀਜ਼ ਅਤੇ ਜ਼ਹਿਰੀਲੇ ਸੱਪ ਦੇ ਡੱਸਣ ਨਾਲ ਹੋ ਸਕਣ ਵਾਲੀਆਂ ਗੰਭੀਰ ਜਟਿਲਤਾਵਾਂ ਤੋਂ ਬਚਾਅ ਲਈ ਤੁਰੰਤ ਚਿਕਿਤਸਾ ਸਹਾਇਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਜਖਮਾਂ ਨੂੰ ਤੁਰੰਤ ਧੋਣ, ਐਂਟੀ-ਰੇਬੀਜ਼ ਟੀਕਾਕਰਨ ਅਤੇ ਸੱਪ ਦੇ ਡੱਸਣ ਦੀ ਸਥਿਤੀ ਵਿੱਚ ਤੁਰੰਤ ਹਸਪਤਾਲ ਪਹੁੰਚਣ ਬਾਰੇ ਵੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ। ਲੈਕਚਰ ਦੌਰਾਨ ਬਚਾਅ ਦੇ ਉਪਾਅ ਵੀ ਸਾਂਝੇ ਕੀਤੇ ਗਏ, ਜਿਵੇਂ ਕਿ ਆਵਾਰਾ ਜਾਨਵਰਾਂ ਨੂੰ ਉਕਸਾਉਣ ਤੋਂ ਬਚਣਾ, ਅਣਜਾਣ ਜਾਨਵਰਾਂ ਤੋਂ ਦੂਰੀ ਬਣਾਈ ਰੱਖਣਾ, ਸੱਪ ਪ੍ਰਭਾਵਿਤ ਖੇਤਰਾਂ ਵਿੱਚ ਸਾਵਧਾਨੀ ਵਰਤਣਾ ਅਤੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਉਣਾ। ਭਾਗੀਦਾਰਾਂ ਨੂੰ ਐਂਟੀ-ਰੇਬੀਜ਼ ਵੈਕਸੀਨ ਅਤੇ ਐਂਟੀ-ਸਨੇਕ ਵੈਨਮ ਦੇ ਉਪਲਬਧ ਇਲਾਜ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਐਨ.ਐੱਸ.ਐੱਸ. ਵਲੰਟੀਅਰਾਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇੰਟਰਐਕਟਿਵ ਸੈਸ਼ਨ ਦੌਰਾਨ ਭਾਗੀਦਾਰਾਂ ਨੇ ਆਪਣੇ ਸਵਾਲ ਪੁੱਛੇ ਅਤੇ ਸਿਹਤ ਅਤੇ ਸੁਰੱਖਿਆ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ।
Posted By: Daily Suraj Bureau