Daily Suraj

ਪੰਜਾਬੀ

ਉਜਰਤਾਂ ਵਿੱਚ ਵਾਧਾ ਨਾ ਹੋਣ ’ਤੇ ਮਿਡ ਡੇਅ ਮੀਲ ਵਰਕਰਾਂ ਨਾਰਾਜ਼, ਸਰਕਾਰ ਨੂੰ ਸੰਘਰਸ਼ ਦੀ ਚੇਤਾਵਨੀ

05 Mar, 2026 04:09 PM

ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਿਵਲ ਹਸਪਤਾਲ ਪਾਰਕ ਬਰਨਾਲਾ ਵਿੱਚ ਇਕ ਮੀਟਿੰਗ ਆਯੋਜਿਤ ਕੀਤੀ ਗਈ। ਇਹ ਮੀਟਿੰਗ ਆਗੂ ਰਜਿੰਦਰ ਕੌਰ ਭੱਠਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ ਅਤੇ ਮਿਡ ਡੇਅ ਮੀਲ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਅਤੇ ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਮਿਡ ਡੇਅ ਮੀਲ ਵਰਕਰਾਂ ਦੀ ਉਜਰਤ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਵਰਕਰਾਂ ਵਿੱਚ ਨਿਰਾਸ਼ਾ ਅਤੇ ਬੇਚੈਨੀ ਦਾ ਮਾਹੌਲ ਪੈਦਾ ਹੋ ਗਿਆ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ “ਬਦਲਾਅ” ਦੇ ਨਾਅਰੇ ਨਾਲ ਸੱਤਾ ਵਿੱਚ ਆਈ ਸਰਕਾਰ ਨੇ ਆਪਣਾ ਗਰੀਬ ਵਿਰੋਧੀ ਰਵੱਈਆ ਦਰਸਾਇਆ ਹੈ। ਹਰਪਾਲ ਕੌਰ ਨੇ ਦੱਸਿਆ ਕਿ ਵਰਕਰਾਂ ਦੇ ਲਟਕਦੇ ਮਸਲਿਆਂ ਨੂੰ ਲੈ ਕੇ 6 ਮਾਰਚ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜਥੇਬੰਦੀ ਦੇ ਵਫ਼ਦ ਦੀ ਮੀਟਿੰਗ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਇਸ ਮੀਟਿੰਗ ਵਿੱਚ ਕੋਈ ਠੋਸ ਨਤੀਜਾ ਨਾ ਨਿਕਲਿਆ ਤਾਂ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਿਡ ਡੇਅ ਮੀਲ ਵਰਕਰਾਂ ਵੱਲੋਂ ਕਾਲੀਆਂ ਚੁੰਨੀਆਂ ਲੈ ਕੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਆਗੂਆਂ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਲਈ ਪਹਿਲਾਂ ਵੀ ਡੀਸੀਜ਼, ਡੀਈਓਜ਼ ਅਤੇ ਵਿਧਾਇਕਾਂ ਰਾਹੀਂ ਕਈ ਵਾਰ ਮੰਗ ਪੱਤਰ ਭੇਜੇ ਜਾ ਚੁੱਕੇ ਹਨ, ਪਰ ਸਰਕਾਰ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਮਿਡ ਡੇਅ ਮੀਲ ਵਰਕਰਾਂ ਨੂੰ ਘੱਟੋ-ਘੱਟ 26 ਹਜ਼ਾਰ ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ। ਇਸ ਤੋਂ ਇਲਾਵਾ ਪੀਐਫ ਫੰਡ ਕਟੌਤੀ ਦੀ ਵਿਵਸਥਾ ਕੀਤੀ ਜਾਵੇ ਅਤੇ ਬੁਢਾਪੇ ਵਿੱਚ ਪੈਨਸ਼ਨ ਦੀ ਸੁਵਿਧਾ ਦਿੱਤੀ ਜਾਵੇ। ਮੀਟਿੰਗ ਦੌਰਾਨ ਵਰਕਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਭੁਪਿੰਦਰ ਕੌਰ ਨਾਈ ਵਾਲਾ, ਸੁਖਜਿੰਦਰ ਕੌਰ ਭੱਠਲ, ਮਨਜੀਤ ਕੌਰ, ਛਿੰਦਰ ਕੌਰ ਸੁਰਜੀਤਪੁਰਾ, ਪਰਵੀਨ ਕੌਰ ਧੌਲਾ, ਬੇਗਮ ਭੈਣੀ ਮਹਿਰਾਜ, ਮਨਜੀਤ ਕੌਰ, ਮਨਪ੍ਰੀਤ ਕੌਰ ਧੂਰਕੋਟ, ਰਾਜ ਕੌਰ ਕੈਰੇ, ਸੋਮਾ ਕੌਰ ਸੰਧੂ ਪੱਤੀ, ਗੁਰਪ੍ਰੀਤ ਕੌਰ ਧਨੌਲਾ ਅਤੇ ਕਰਮਜੀਤ ਕੌਰ ਬਰਨਾਲਾ ਸਮੇਤ ਕਈ ਵਰਕਰ ਮੌਜੂਦ ਸਨ।

Posted By: Daily Suraj Bureau

Latest News