Daily Suraj

ਪੰਜਾਬੀ

Rahul Gandhi Protest: ਦਿੱਲੀ ਪੁਲੀਸ ਵੱਲੋਂ ਦੋ ਘੰਟਿਆਂ ਬਾਅਦ ਰਾਹੁਲ ਗਾਂਧੀ ਰਿਹਾਅ

06 Oct, 2026 11:42 PM

ਦਿੱਲੀ ਪੁਲੀਸ ਨੇ ਹਿਰਾਸਤ ਵਿੱਚ ਲਏ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਹੋਰਨਾਂ ਨੂੰ ਮੰਗਲਵਾਰ ਰਾਤ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਰਿਹਾਅ ਕਰ ਦਿੱਤਾ। ਕਾਂਗਰਸ ਨੇ ਇਹ ਜਾਣਕਾਰੀ ਦਿੱਤੀ। ਰਿਹਾਈ ਮਗਰੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਕਿੰਗਜ਼ਵੇਅ ਕੈਂਪ ਸਥਿਤ ਨਿਊ ਪੁਲੀਸ ਲਾਈਨ ਤੋਂ ਬਾਹਰ ਜਾਂਦੇ ਦੇਖਿਆ ਗਿਆ।
 

ਇਸ ਤੋਂ ਪਹਿਲਾਂ ਪੁਲੀਸ ਨੇ ਆਕਾਸ਼ਵਾਣੀ ਭਵਨ ਦੇ ਅਹਾਤੇ ਤੋਂ ਆਗੂਆਂ ਨੂੰ ਹਟਾ ਕੇ ਕਿੰਗਜ਼ਵੇਅ ਕੈਂਪ ਪੁਲੀਸ ਲਾਈਨ ਲਿਜਾਇਆ ਸੀ। ਕਾਂਗਰਸੀ ਆਗੂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰਨ ਦੀ ਇਜਾਜ਼ਤ ਨਾ ਮਿਲਣ ਮਗਰੋਂ ਉਥੇ ਧਰਨੇ ’ਤੇ ਬੈਠੇ ਸਨ।
 

ਜਾਣਕਾਰੀ ਅਨੁਸਾਰ ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦਿੱਲੀ ਪੁਲੀਸ ਨੇ ਕਰੀਬ ਦੋ ਘੰਟਿਆਂ ਦੀ ਹਿਰਾਸਤ ਤੋਂ ਬਾਅਦ ਰਿਹਾਅ ਕਰ ਦਿੱਤਾ।
 

ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਹੋਰ ਵਿਰੋਧੀ ਧਿਰ ਦੇ ਆਗੂਆਂ ਨੇ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਮਾਰਚ ਕਰਨ ਤੋਂ ਰੋਕੇ ਜਾਣ ਮਗਰੋਂ ਆਕਾਸ਼ਵਾਣੀ ਭਵਨ ਵਿੱਚ ਧਰਨਾ ਦਿੱਤਾ ਸੀ। ਇਹ ਧਰਨਾ ਅੱਠ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲਿਆ। ਪੁਲੀਸ ਨੇ ਮੰਗਲਵਾਰ ਰਾਤ ਕਰੀਬ ਅੱਠ ਵਜੇ ਧਰਨਾਕਾਰੀਆਂ ਨੂੰ ਉਥੋਂ ਹਟਾਇਆ ਅਤੇ ਰਾਹੁਲ ਗਾਂਧੀ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ।
 

ਚੋਣ ਕਮਿਸ਼ਨ ਨੂੰ ਮਿਲਣ ਦੀ ਕਰ ਰਹੇ ਸਨ ਮੰਗ
 

ਵਿਰੋਧੀ ਧਿਰ ਦੇ ਆਗੂਆਂ ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ। ਉਹ ਵਿਸ਼ੇਸ਼ ਮੁੜ ਸੁਧਾਈ ਵਾਲੀ ਵੋਟਰ ਸੂਚੀ ਸੋਧ (ਐੱਸਆਈਆਰ) ਅਤੇ ਕਥਿਤ ‘ਵੋਟ ਚੋਰੀ’ ਦੇ ਮੁੱਦੇ ’ਤੇ ਚੋਣ ਕਮਿਸ਼ਨਰਾਂ ਨੂੰ ਮਿਲਣਾ ਚਾਹੁੰਦੇ ਸਨ।
 

ਰਾਹੁਲ ਗਾਂਧੀ ਸਮੇਤ ਆਗੂਆਂ ਨੇ ਕਿਹਾ ਸੀ ਕਿ ਉਹ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਸਿੱਧੀ ਮੁਲਾਕਾਤ ਕਰਕੇ ਆਪਣੇ ਸ਼ੰਕੇ ਰੱਖਣਾ ਚਾਹੁੰਦੇ ਹਨ। ਚੋਣ ਕਮਿਸ਼ਨ ਨੇ ਬਾਅਦ ਵਿੱਚ ਕਿਹਾ ਕਿ ਸ਼ਾਮ ਚਾਰ ਵਜੇ ਤੱਕ ਕਿਸੇ ਸਿਆਸੀ ਪਾਰਟੀ ਵੱਲੋਂ ਮੁਲਾਕਾਤ ਲਈ ਰਸਮੀ ਬੇਨਤੀ ਨਹੀਂ ਮਿਲੀ ਸੀ।
 

ਚੋਣ ਕਮਿਸ਼ਨ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਦੇ ਵਿਰੋਧ ਵਿੱਚ ਅੱਜ ਦਿੱਲੀ ਵਿੱਚ ਇੰਡੀਆ ਗੱਠਜੋੜ ਦੇ ਆਗੂਆਂ ਦੇ ਵਿਰੋਧ ਪ੍ਰਦਰਸ਼ਨ ਨੇ ਦੇਰ ਸ਼ਾਮ ਨਵਾਂ ਮੋੜ ਲੈ ਲਿਆ। ਅਕਾਸ਼ਵਾਣੀ ਭਵਨ ਦੇ ਅਹਾਤੇ ਵਿੱਚ ਅੱਠ ਘੰਟੇ ਧਰਨੇ ’ਤੇ ਬੈਠੇ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਰਾਤ ਕਰੀਬ ਅੱਠ ਵਜੇ ਪੁਲੀਸ ਰਾਹੁਲ ਗਾਂਧੀ ਨੂੰ ਧਰਨੇ ਵਾਲੀ ਥਾਂ ਤੋਂ ਹਟਾਉਣ ਲਈ ਅਕਾਸ਼ਵਾਣੀ ਭਵਨ ਦੇ ਅੰਦਰ ਪੁੱਜੀ।
 

ਚੋਣ ਕਮਿਸ਼ਨ ਨਾਲ ਮੁਲਾਕਾਤ ਦੀ ਮੰਗ ’ਤੇ ਡਟੇ
 

ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਕਾਂਗਰਸ ਦੇ ਕਈ ਆਗੂ ਸਵੇਰ ਤੋਂ ਚੱਲ ਰਹੇ ਵਿਰੋਧ ਮਗਰੋਂ ਅਕਾਸ਼ਵਾਣੀ ਭਵਨ ਦੇ ਅਹਾਤੇ ਵਿੱਚ ਬੈਠ ਗਏ ਸਨ। ਉਹ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਜਾਣ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਮੁਲਾਕਾਤ ਕਰਨ ਦੀ ਮੰਗ ਕਰ ਰਹੇ ਸਨ। ਪੁਲੀਸ ਵੱਲੋਂ ਉਨ੍ਹਾਂ ਨੂੰ ਅਹਾਤਾ ਖਾਲੀ ਕਰਨ ਲਈ ਕਿਹਾ ਗਿਆ ਪਰ ਉਹ ਉੱਥੋਂ ਜਾਣ ਲਈ ਤਿਆਰ ਨਹੀਂ ਹੋਏ।
 

ਇਸ ਤੋਂ ਪਹਿਲਾਂ ਸੰਸਦ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ਕੱਢੇ ਗਏ ਮਾਰਚ ਨੂੰ ਪੁਲੀਸ ਨੇ ਅਕਾਸ਼ਵਾਣੀ ਭਵਨ ਨੇੜੇ ਰੋਕ ਦਿੱਤਾ ਸੀ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਤ੍ਰਿਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ, ਡੈਰੇਕ ਓ'ਬ੍ਰਾਇਨ ਸਮੇਤ ਕਈ ਵਿਰੋਧੀ ਧਿਰ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਰਾਹੁਲ ਗਾਂਧੀ ਬੈਰੀਕੇਡ ’ਤੇ ਚੜ੍ਹ ਗਏ ਸਨ, ਜਦਕਿ ਪ੍ਰਿਯੰਕਾ ਗਾਂਧੀ ਨੂੰ ਵੀ ਸ਼ੁਰੂ ਵਿੱਚ ਪੁਲੀਸ ਨੇ ਹਿਰਾਸਤ ਵਿੱਚ ਲਿਆ ਸੀ। ਬਾਅਦ ਵਿੱਚ ਦੋਵੇਂ ਅਕਾਸ਼ਵਾਣੀ ਭਵਨ ਦੇ ਅਹਾਤੇ ਵਿੱਚ ਮੁੜ ਇਕੱਠੇ ਹੋ ਗਏ ਅਤੇ ਧਰਨੇ ’ਤੇ ਬੈਠ ਗਏ।
 

ਪੁਲੀਸ ਨਾਲ ਗੱਲਬਾਤ ਵੀ ਹੋਈ
 

ਧਰਨੇ ਦੌਰਾਨ ਦਿੱਲੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੇ ਬਿਨਾਂ ਨਹੀਂ ਜਾਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਦੇ ਕਰੀਬ 300 ਸੰਸਦ ਮੈਂਬਰ ਚੋਣ ਕਮਿਸ਼ਨ ਨਾਲ ਮਿਲਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਮਿਲਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
 

ਉਧਰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਕਮਿਸ਼ਨ ਨਾਲ ਮੁਲਾਕਾਤ ਲਈ ਕੋਈ ਰਸਮੀ ਬੇਨਤੀ ਨਹੀਂ ਮਿਲੀ। ਇਸ ਕਾਰਨ ਅਕਾਸ਼ਵਾਣੀ ਭਵਨ ਵਿੱਚ ਧਰਨੇ ਨੂੰ ਲੈ ਕੇ ਪੁਲੀਸ ਅਤੇ ਕਾਂਗਰਸੀ ਆਗੂਆਂ ਵਿਚਕਾਰ ਤਕਰਾਰ ਬਣੀ ਰਹੀ।
 

ਸ਼ਾਮ ਤੱਕ ਅਕਾਸ਼ਵਾਣੀ ਭਵਨ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਅਤੇ ਸੁਰੱਖਿਆ ਬਲ ਤਾਇਨਾਤ ਰਹੇ। ਇੰਡੀਆ ਗੱਠਜੋੜ ਦੇ ਆਗੂਆਂ ਨੇ ਐੱਸਆਈਆਰ ਨੂੰ ਵਾਪਸ ਲੈਣ ਅਤੇ ਚੋਣ ਕਮਿਸ਼ਨ ਦੇ ਮੁਖੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਆਪਣਾ ਵਿਰੋਧ ਜਾਰੀ ਰੱਖਿਆ।

Latest News