Daily Suraj

ਪੰਜਾਬੀ

ਸੰਤ ਅਤਰ ਸਿੰਘ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਤੇ ਕਲਾ ਦੇ ਖੇਤਰ 'ਚ ਗੱਡੇ ਝੰਡੇ

23 Sep, 2026 04:35 PM

ਲੌਂਗੋਵਾਲ, ( ਜਗਸੀਰ ਸਿੰਘ) - ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਵਿੱਦਿਅਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ, ਅਧਿਆਪਕਾਂ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਅਕੈਡਮੀ ਦੇ ਚੌਥੀ ਜਮਾਤ ਦੇ ਵਿਦਿਆਰਥੀ ਗੁਰਮਨ ਸਿੰਘ ਪੁੱਤਰ ਸ. ਦੀਦਾਰ ਸਿੰਘ ਨੇ 'ਸਿੱਖਿਆ ਅਤੇ ਕਲਾ ਮੰਚ' ਵੱਲੋਂ "ਨਵੇਂ ਦਿਸਹੱਦੇ" ਸਿਰਲੇਖ ਹੇਠ ਕਰਵਾਏ ਗਏ ਆਨਲਾਈਨ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਆਪਣੀ ਕਲਾਤਮਕ ਸੋਚ ਦਾ ਬੇਹੱਦ ਸ਼ਾਨਦਾਰ ਮੁਜ਼ਾਹਰਾ ਕੀਤਾ। ਉਸ ਦੀ ਪ੍ਰਤਿਭਾ ਅਤੇ ਉਤਸ਼ਾਹ ਨੂੰ ਦੇਖਦਿਆਂ ਉਸ ਦੀ ਚੋਣ ਹੁਣ ਰਾਜ ਪੱਧਰੀ ਆਫਲਾਈਨ ਪੋਸਟਰ ਮੇਕਿੰਗ ਮੁਕਾਬਲੇ ਲਈ ਹੋਈ ਹੈ। ਇਸੇ ਤਰ੍ਹਾਂ ਅਕੈਡਮੀ ਦੀ 11ਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਭਵਦੀਪ ਕੌਰ ਨੂੰ ਸੀ.ਬੀ.ਐੱਸ.ਈ.ਦੀ ਦਸਵੀਂ ਬੋਰਡ ਪ੍ਰੀਖਿਆ (ਸੈਸ਼ਨ 2025-26) ਦੌਰਾਨ ਹਿੰਦੀ ਵਿਸ਼ੇ ਵਿੱਚ ਬਹਤਰੀਨ ਅੰਕ ਹਾਸਲ ਕਰਨ 'ਤੇ 'ਮਧੂਬਨ ਐਜੂਕੇਸ਼ਨਲ ਬੁੱਕਸ' ਵੱਲੋਂ ਵਿਸ਼ੇਸ਼ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ।ਵਿਦਿਆਰਥੀਆਂ ਦੀਆਂ ਇਹਨਾਂ ਸ਼ਾਨਦਾਰ ਪ੍ਰਾਪਤੀਆਂ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਨੇ ਅਕੈਡਮੀ ਦੇ ਪ੍ਰਿੰਸੀਪਲ ਡਾ. ਵਿਜੈ ਪਲਾਹਾ, ਗਾਈਡ ਅਧਿਆਪਕ ਸ਼੍ਰੀਮਤੀ ਤਜਿੰਦਰ ਕੌਰ, ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਗੁਰਮਨ ਸਿੰਘ ਨੂੰ ਰਾਜ ਪੱਧਰੀ ਮੁਕਾਬਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਅਕੈਡਮੀ ਦੇ ਪ੍ਰਿੰਸੀਪਲ ਸ੍ਰੀ ਵਿਜੇ ਪਲਾਹਾ ਨੇ ਕਿਹਾ ਕਿ ਅਜਿਹੀਆਂ ਵੱਡੀਆਂ ਪ੍ਰਾਪਤੀਆਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

Posted By: Daily Suraj Bureau

Latest News