Daily Suraj

ਪੰਜਾਬੀ

ਗ੍ਰੀਨਲੈਂਡ ਮਾਮਲੇ ’ਚ ਟਰੰਪ ਦਾ ਸਖ਼ਤ ਰੁਖ਼, ਮਿਲਟਰੀ ਕਾਰਵਾਈ ਸੰਭਵ

07 Jan, 2026 01:21 PM

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਗ੍ਰੀਨਲੈਂਡ ਨੂੰ ਆਪਣੇ ਨਿਯੰਤਰਣ ਹੇਠ ਲਿਆਉਣ ਲਈ ਹਰ ਸੰਭਵ ਵਿਕਲਪ ’ਤੇ ਵਿਚਾਰ ਕਰ ਰਹੇ ਹਨ, ਜਿਸ ਵਿੱਚ ਮਿਲਟਰੀ ਕਾਰਵਾਈ ਵੀ ਸ਼ਾਮਲ ਹੈ। ਮੰਗਲਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਅਧਿਕਾਰਿਕ ਬਿਆਨ ਵਿੱਚ ਇਹ ਗੱਲ ਕਹੀ ਗਈ ਹੈ, ਜਿਸ ਨਾਲ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਹਲਚਲ ਮਚ ਗਈ ਹੈ। ਬਿਆਨ ਮੁਤਾਬਕ ਟਰੰਪ ਪ੍ਰਸ਼ਾਸਨ ਗ੍ਰੀਨਲੈਂਡ ਦੀ ਰਣਨੀਤਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਕੂਟਨੀਤਿਕ, ਆਰਥਿਕ ਅਤੇ ਫੌਜੀ ਸਾਰੇ ਵਿਕਲਪਾਂ ’ਤੇ ਗੰਭੀਰ ਚਰਚਾ ਕਰ ਰਿਹਾ ਹੈ। ਵ੍ਹਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਯੂਰਪੀ ਦੇਸ਼ਾਂ ਵੱਲੋਂ ਜਤਾਏ ਜਾ ਰਹੇ ਇਤਰਾਜ਼ਾਂ ਦੇ ਬਾਵਜੂਦ ਅਮਰੀਕਾ ਇਸ ਆਈਲੈਂਡ ਦਾ ਨਿਯੰਤਰਣ ਹਾਸਲ ਕਰਨ ਲਈ ਅਮਰੀਕੀ ਮਿਲਟਰੀ ਦੀ ਵਰਤੋਂ ਕਰਨ ਬਾਰੇ ਵੀ ਸੋਚ ਸਕਦਾ ਹੈ। ਰਾਜਨੀਤਿਕ ਵਿਸ਼ਲੇਸ਼ਕਾਂ ਅਨੁਸਾਰ ਗ੍ਰੀਨਲੈਂਡ ਆਪਣੀ ਭੂਗੋਲਿਕ ਸਥਿਤੀ ਅਤੇ ਕੁਦਰਤੀ ਸੰਸਾਧਨਾਂ ਕਰਕੇ ਅਮਰੀਕਾ ਲਈ ਰਣਨੀਤਕ ਤੌਰ ’ਤੇ ਕਾਫ਼ੀ ਅਹਿਮ ਹੈ। ਹਾਲਾਂਕਿ, ਇਸ ਤਰ੍ਹਾਂ ਦੇ ਬਿਆਨ ਨਾਲ ਅਮਰੀਕਾ ਅਤੇ ਯੂਰਪੀ ਦੇਸ਼ਾਂ ਦਰਮਿਆਨ ਤਣਾਅ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਗ੍ਰੀਨਲੈਂਡ ਦੀ ਸਰਕਾਰ ਅਤੇ ਉਥਲੇ ਨੇਤਾ ਕਈ ਵਾਰ ਸਪਸ਼ਟ ਕਰ ਚੁੱਕੇ ਹਨ ਕਿ ਉਹ ਅਮਰੀਕਾ ਦਾ ਹਿੱਸਾ ਬਣਨ ਦੇ ਹੱਕ ਵਿੱਚ ਨਹੀਂ ਹਨ। ਗ੍ਰੀਨਲੈਂਡ ਨੇ ਆਪਣੇ ਆਪ ਨੂੰ ਇੱਕ ਖ਼ੁਦਮੁਖ਼ਤਿਆਰ ਇਕਾਈ ਵਜੋਂ ਕਾਇਮ ਰੱਖਣ ਦੀ ਇੱਛਾ ਦੁਹਰਾਈ ਹੈ। ਇਸ ਪਿਛੋਕੜ ਵਿੱਚ ਟਰੰਪ ਦਾ ਇਹ ਰੁਖ਼ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ।

Posted By: Daily Suraj Bureau

Latest News