Daily Suraj

ਪੰਜਾਬੀ

ਝੋਨੇ ਦੇ ਸੀਜ਼ਨ ਦੌਰਾਨ ਨਹਿਰਾਂ 'ਚ ਰਿਕਾਰਡ ਪਾਣੀ, ਕਈ ਮੁੱਖ ਕੈਨਾਲਾਂ ਨੇ ਸਮਰੱਥਾ ਦਾ ਅੰਕੜਾ ਪਾਰ ਕੀਤਾ

26 Jun, 2026 09:04 AM

ਝੋਨੇ ਦੀ ਲੁਆਈ ਦੇ ਸਿਖਰਲੇ ਦੌਰ ਵਿੱਚ ਪੰਜਾਬ ਦੀਆਂ ਨਹਿਰਾਂ ਵਿੱਚ ਪਾਣੀ ਦਾ ਵਹਾਅ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਲੰਮੇ ਸਮੇਂ ਬਾਅਦ ਅਜਿਹੀ ਸਥਿਤੀ ਬਣੀ ਹੈ ਜਦੋਂ ਨਹਿਰਾਂ ਆਪਣੇ ਨਿਰਧਾਰਤ ਸਮਰੱਥਾ ਪੱਧਰ ਤੋਂ ਵੀ ਵੱਧ ਪਾਣੀ ਲੈ ਕੇ ਚੱਲ ਰਹੀਆਂ ਹਨ। ਸੂਬੇ ਦੀਆਂ ਨਹਿਰਾਂ ਦੀ ਕੁੱਲ ਸਮਰੱਥਾ 36,125 ਕਿਊਸਿਕ ਹੈ, ਜਦਕਿ ਮੌਜੂਦਾ ਸਮੇਂ ਇਨ੍ਹਾਂ ਵਿੱਚ 37,899 ਕਿਊਸਿਕ ਪਾਣੀ ਵਗ ਰਿਹਾ ਹੈ, ਜੋ ਕੁੱਲ ਸਮਰੱਥਾ ਦਾ 105 ਫ਼ੀਸਦੀ ਬਣਦਾ ਹੈ। ਭਾਵੇਂ ਕੁਝ ਖੇਤਰਾਂ ਵਿੱਚ ਨਹਿਰੀ ਪਾਣੀ ਦੀ ਕਮੀ ਸਬੰਧੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਪਰ ਜਲ ਸਰੋਤ ਵਿਭਾਗ ਦੀ ਗੇਜ ਪ੍ਰਣਾਲੀ ਅਨੁਸਾਰ ਸੂਬੇ ਦੀਆਂ ਨਹਿਰਾਂ ਵਿੱਚ ਪਾਣੀ ਦਾ ਵਹਾਅ ਸਮਰੱਥਾ ਤੋਂ ਉੱਪਰ ਦਰਜ ਕੀਤਾ ਗਿਆ ਹੈ। ਉਪਲਬਧ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕਰੀਬ 100 ਲੱਖ ਏਕੜ ਰਕਬਾ ਖੇਤੀ ਹੇਠ ਹੈ। ਮੌਜੂਦਾ ਨਹਿਰੀ ਪਾਣੀ ਦੀ ਉਪਲਬਧਤਾ ਦੇ ਆਧਾਰ 'ਤੇ 75.89 ਲੱਖ ਏਕੜ ਰਕਬੇ ਦੀ ਸਿੰਚਾਈ ਕੀਤੀ ਜਾ ਸਕਦੀ ਹੈ। ਚਾਰ ਸਾਲ ਪਹਿਲਾਂ ਕੇਵਲ 20.89 ਲੱਖ ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲਦਾ ਸੀ, ਜਦਕਿ ਹੁਣ ਇਹ ਵਧ ਕੇ 58 ਲੱਖ ਏਕੜ ਹੋ ਗਿਆ ਹੈ, ਜੋ 78 ਫ਼ੀਸਦੀ ਦੇ ਬਰਾਬਰ ਹੈ। ਦੂਜੇ ਪਾਸੇ, ਭਾਖੜਾ ਮੇਨ ਲਾਈਨ ਰਾਹੀਂ ਹਰਿਆਣਾ ਨੂੰ 84 ਫ਼ੀਸਦੀ ਪਾਣੀ ਮਿਲ ਰਿਹਾ ਹੈ। ਰਾਜਸਥਾਨ ਫੀਡਰ ਵਿੱਚ 65 ਫ਼ੀਸਦੀ ਅਤੇ ਬੀਕਾਨੇਰ ਨਹਿਰ ਵਿੱਚ 83 ਫ਼ੀਸਦੀ ਪਾਣੀ ਦੀ ਸਪਲਾਈ ਜਾਰੀ ਹੈ। ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਖੇਤਰਾਂ ਵਿੱਚ ਵੀ ਨਹਿਰੀ ਪਾਣੀ ਦੀ ਵਰਤੋਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜਲ ਸਰੋਤ ਵਿਭਾਗ ਦੀ ਗੇਜ ਪ੍ਰਣਾਲੀ ਅਨੁਸਾਰ ਸਰਹਿੰਦ ਕੈਨਾਲ, ਜਿਸ ਦੀ ਸਮਰੱਥਾ 12,625 ਕਿਊਸਿਕ ਹੈ, ਵਿੱਚ ਇਸ ਸਮੇਂ 12,800 ਕਿਊਸਿਕ ਪਾਣੀ ਵਗ ਰਿਹਾ ਹੈ, ਜੋ 101 ਫ਼ੀਸਦੀ ਬਣਦਾ ਹੈ। ਅਬੋਹਰ ਬਰਾਂਚ 103 ਫ਼ੀਸਦੀ ਸਮਰੱਥਾ ਨਾਲ ਚੱਲ ਰਹੀ ਹੈ, ਜਦਕਿ ਅੱਪਰ ਬਾਰੀ ਦੁਆਬ ਕੈਨਾਲ ਦੀ ਮੇਨ ਲਾਈਨ ਵਿੱਚ ਵੀ 103 ਫ਼ੀਸਦੀ ਪਾਣੀ ਦੀ ਸਪਲਾਈ ਦਰਜ ਕੀਤੀ ਗਈ ਹੈ। ਨਵਾਂ ਸ਼ਹਿਰ ਬਰਾਂਚ ਵਿੱਚ ਪੂਰੀ ਸਮਰੱਥਾ ਅਨੁਸਾਰ 100 ਫ਼ੀਸਦੀ ਪਾਣੀ ਪਹੁੰਚਾਇਆ ਜਾ ਰਿਹਾ ਹੈ। ਮਜੀਠਾ ਡਿਵੀਜ਼ਨ ਦੀ ਲਾਹੌਰ ਬਰਾਂਚ, ਜਿਸ ਦੀ ਸਮਰੱਥਾ 1,031.50 ਕਿਊਸਿਕ ਹੈ, ਵਿੱਚ ਮੌਜੂਦਾ ਸਮੇਂ 1,032 ਕਿਊਸਿਕ ਪਾਣੀ ਚੱਲ ਰਿਹਾ ਹੈ। ਕਸੂਰ ਬਰਾਂਚ ਵਿੱਚ 73 ਫ਼ੀਸਦੀ ਪਾਣੀ ਦੀ ਸਪਲਾਈ ਹੈ। ਸੰਗਰੂਰ, ਬਰਨਾਲਾ ਅਤੇ ਮਾਨਸਾ ਦੇ ਖੇਤਾਂ ਨੂੰ ਸਿੰਜਣ ਵਾਲੀ ਕੋਟਲਾ ਬਰਾਂਚ ਦੀ ਸਮਰੱਥਾ 3,318 ਕਿਊਸਿਕ ਹੈ, ਜਦਕਿ ਇਸ ਵਿੱਚ ਇਸ ਵੇਲੇ 3,105 ਕਿਊਸਿਕ ਪਾਣੀ ਵਗ ਰਿਹਾ ਹੈ। ਇਸ ਤੋਂ ਇਲਾਵਾ, ਸਰਹਿੰਦ ਫੀਡਰ ਵਿੱਚ ਵੀ 100 ਫ਼ੀਸਦੀ ਸਮਰੱਥਾ ਨਾਲ ਪਾਣੀ ਦੀ ਸਪਲਾਈ ਜਾਰੀ ਹੈ। ਭਾਖੜਾ ਮੇਨ ਲਾਈਨ ਵਿੱਚ ਪੰਜਾਬ ਦੇ ਹਿੱਸੇ ਵਜੋਂ 3,204 ਕਿਊਸਿਕ ਪਾਣੀ ਚੱਲ ਰਿਹਾ ਹੈ, ਜਿਸ ਨਾਲ ਝੋਨੇ ਦੀ ਲੁਆਈ ਦੇ ਮੌਜੂਦਾ ਸੀਜ਼ਨ ਦੌਰਾਨ ਸਿੰਚਾਈ ਪ੍ਰਬੰਧ ਨੂੰ ਮਜ਼ਬੂਤੀ ਮਿਲ ਰਹੀ ਹੈ।

Posted By: Daily Suraj Bureau

Latest News