Daily Suraj

ਪੰਜਾਬੀ

ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਜ਼ੋਰ-ਸ਼ੋਰ ਨਾਲ ਤਿਆਰੀ ਕਰ ਰਿਹੈ: ਮੋਦੀ

05 Jan, 2026 01:05 AM

ਦੇਸ਼ ਵਿਚ ਪਿਛਲੇ ਦਹਾਕੇ ’ਚ 20 ਤੋਂ ਜ਼ਿਆਦਾ ਵੱਡੇ ਟੂਰਨਾਮੈਂਟ ਕਰਵਾੳੁਣ ਦਾ ਦਾਅਵਾ
ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ੋਰ ਦੇ ਕੇ ਕਿਹਾ ਕਿ ਭਾਰਤ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਜ਼ੋਰ-ਸ਼ੋਰ ਨਾਲ ਤਿਆਰੀ ਕਰ ਰਿਹਾ ਹੈ।
ਇੱਥੇ 72ਵੀਂ ਕੌਮੀ ਵਾਲੀਬਾਲ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ 20 ਤੋਂ ਵੱਧ ਵੱਡੇ ਕੌਮਾਂਤਰੀ ਟੂਰਨਾਮੈਂਟ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਅੰਡਰ-17 ਫੀਫਾ ਵਿਸ਼ਵ ਕੱਪ, ਹਾਕੀ ਵਿਸ਼ਵ ਕੱਪ ਅਤੇ ਪ੍ਰਮੁੱਖ ਸ਼ਤਰੰਜ ਟੂਰਨਾਮੈਂਟ ਸ਼ਾਮਲ ਹਨ। 2030 ਰਾਸ਼ਟਰਮੰਡਲ ਖੇਡਾਂ ਵੀ ਭਾਰਤ ਵਿੱਚ ਕਰਵਾਈਆਂ ਜਾਣਗੀਆਂ। ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਪੂਰੀ ਤਾਕਤ ਨਾਲ ਤਿਆਰੀ ਕਰ ਰਿਹਾ ਹੈ। 4 ਤੋਂ 11 ਜਨਵਰੀ ਤੱਕ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਤੋਂ 58 ਟੀਮਾਂ ਦੀ ਨੁਮਾਇੰਦਗੀ ਕਰਨ ਵਾਲੇ 1,000 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ।
ਇਸ ਟੂਰਨਾਮੈਂਟ ਤੋਂ ਭਾਰਤੀ ਵਾਲੀਬਾਲ ਟੀਮ ਦੇ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਹੈ ਤੇ ਵਾਰਾਨਸੀ ਵਿੱਚ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦੇ ਮੇਜ਼ਬਾਨੀ ਸ਼ਹਿਰ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਅਤੇ ਅਥਲੈਟਿਕ ਵਿਕਾਸ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ ਦਾ ਹਰ ਇਕ ਨੌਜਵਾਨ ਖੇਡਾਂ ਵਿਚ ਹਿੱਸਾ ਲਵੇ ਜਿਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤੇ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ।

Latest News