Daily Suraj

ਪੰਜਾਬੀ

ਸਰੀ ਘਰ ਧਮਾਕਾ ਅਤੇ ਅੱਗ: ਫਾਇਰ ਬ੍ਰਿਗੇਡ ਨੇ ਕਾਬੂ ਪਾਇਆ, ਜਾਂਚ ਜਾਰੀ

12 Jan, 2026 03:43 PM

ਕੈਨੇਡਾ ਦੇ ਸਰੀ ਸ਼ਹਿਰ ਦੇ ਕਲੋਵਰਡੇਲ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਲਗਭਗ 4:30 ਵਜੇ ਇੱਕ ਘਰ ਵਿੱਚ ਜ਼ੋਰਦਾਰ ਧਮਾਕਾ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਜਦੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤਾਂ ਜਰਸੀ ਡਰਾਈਵ ’ਤੇ ਸਥਿਤ ਦੋ ਮੰਜਿਲਾ ਘਰ ਅੱਗ ਦੀਆਂ ਲਪਟਾਂ ਵਿੱਚ ਪੂਰੀ ਤਰ੍ਹਾਂ ਘਿਰਿਆ ਹੋਇਆ ਸੀ। ਸਰੀ ਫਾਇਰ ਫਾਈਟਰਜ਼ ਐਸੋਸੀਏਸ਼ਨ ਦੇ ਬਟਾਲੀਅਨ ਚੀਫ਼ ਜੈਫ਼ ਕਲਾਸਨ ਨੇ ਦੱਸਿਆ ਕਿ ਘਰ ਦੇ ਸਾਹਮਣੇ ਇੱਕ ਨੌਜਵਾਨ ਮਿਲਿਆ, ਜਿਸ ਦੀ ਉਮਰ ਕਰੀਬ 20 ਸਾਲ ਦੱਸੀ ਜਾ ਰਹੀ ਹੈ। ਉਹ ਅੱਗ ਨਾਲ ਸੜਨ ਕਾਰਨ ਗੰਭੀਰ ਜ਼ਖ਼ਮੀ ਸੀ। ਹਾਲਤ ਗੰਭੀਰ ਹੋਣ ਦੇ ਕਾਰਨ ਉਸ ਨੂੰ ਹੈਲੀਕਾਪਟਰ ਰਾਹੀਂ ਵੈਨਕੂਵਰ ਜਨਰਲ ਹਸਪਤਾਲ ਭੇਜਿਆ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਕੰਮ ਕਰਕੇ ਅੱਗ ’ਤੇ ਕਾਬੂ ਪਾ ਲਿਆ। ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਿਆ ਕਿ ਅੱਗ ਕਿਸੇ ਧਮਾਕੇ ਤੋਂ ਬਾਅਦ ਭੜਕੀ, ਪਰ ਧਮਾਕੇ ਦੇ ਸਹੀ ਕਾਰਨ ਬਾਰੇ ਹਾਲੇ ਤੱਕ ਪੱਕੀ ਜਾਣਕਾਰੀ ਨਹੀਂ ਮਿਲੀ। ਧਮਾਕੇ ਦੀ ਤਾਕਤ ਨਾਲ ਘਰ ਦੀਆਂ ਖਿੜਕੀਆਂ ਦੇ ਫਰੇਮ ਉੱਡ ਕੇ ਸਾਹਮਣੇ ਡਿੱਗ ਗਏ ਅਤੇ ਕੱਚ ਦੇ ਟੁਕੜੇ ਸੜਕ ‘ਤੇ ਦੂਰ-ਦੂਰ ਤੱਕ ਫੈਲ ਗਏ। ਇਸ ਮਾਮਲੇ ਦੀ ਜਾਂਚ ਲਈ SFFA ਅਤੇ SPOSU ਦੀ ਜਨਰਲ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਸਾਂਝੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਤੇ ਸੁਰੱਖਿਆ ਟੀਮਾਂ ਘਰ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਸੁਰੱਖਿਆ ਵਿੱਚ ਹੋ ਰਹੀਆਂ ਖਤਰਨਾਕ ਸਥਿਤੀਆਂ ਦੀ ਵੀ ਨਿਗਰਾਨੀ ਕਰ ਰਹੀਆਂ ਹਨ।

Posted By: Daily Suraj Bureau

Latest News