ਗੈਸ ਸਿਲੰਡਰ ਧਮਾਕੇ ਦਾ ਸ਼ੱਕ, ਤਿੰਨ ਲੋਕ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ
ਅਬੋਹਰ ਦੇ ਪਟੇਲ ਪਾਰਕ ਨੇੜੇ ਬੀਤੀ ਰਾਤ ਇੱਕ ਘਰ ਵਿੱਚ ਹੋਏ ਭਿਆਨਕ ਧਮਾਕੇ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕਾ ਇੰਨਾ ਤਾਕਤਵਰ ਸੀ ਕਿ ਘਰ ਦੀ ਇੱਕ ਕੰਧ ਡਿੱਗ ਗਈ, ਜਦਕਿ ਨੇੜਲੀਆਂ ਦੁਕਾਨਾਂ ਦੇ ਦਰਵਾਜ਼ੇ ਵੀ ਉੱਡ ਗਏ। ਇਸ ਹਾਦਸੇ ਵਿੱਚ ਇੱਕ ਔਰਤ ਸਮੇਤ ਤਿੰਨ ਲੋਕ ਗੰਭੀਰ ਤੌਰ ’ਤੇ ਜਖ਼ਮੀ ਹੋਏ ਹਨ। ਜਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਪੁਲੀਸ ਕਪਤਾਨ (SSP) ਗੁਰਮੀਤ ਸਿੰਘ ਅਤੇ ਫੋਰੈਂਸਿਕ ਸਾਇੰਸ ਲੈਬ (FSL) ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਅਨੁਸਾਰ ਧਮਾਕੇ ਦਾ ਕਾਰਨ ਗੈਸ ਸਿਲੰਡਰ ਫਟਣਾ ਦੱਸਿਆ ਜਾ ਰਿਹਾ ਹੈ, ਪਰ ਸਥਾਨਕ ਨਿਵਾਸੀਆਂ ਦਾ ਮੰਨਣਾ ਹੈ ਕਿ ਘਰ ਵਿੱਚ ਕਿਸੇ ਜਲਣਸ਼ੀਲ ਪਦਾਰਥ ਦੀ ਮੌਜੂਦਗੀ ਕਾਰਨ ਧਮਾਕਾ ਹੋਰ ਵੀ ਭਿਆਨਕ ਹੋ ਸਕਦਾ ਹੈ। ਅਸਲ ਕਾਰਨ ਜਾਂਚ ਮਗਰੋਂ ਹੀ ਸਾਹਮਣੇ ਆਉਣਗੇ। ਜਾਣਕਾਰੀ ਮੁਤਾਬਕ ਇਹ ਧਮਾਕਾ ਸਥਾਨਕ ਨਿਵਾਸੀ ਦੀਪੂ ਚੁੱਘ ਦੇ ਘਰ ਵਿੱਚ ਵਾਪਰਿਆ। ਇਸ ਦੀ ਚਪੇਟ ਵਿੱਚ ਨੇੜੇ ਤੰਦੂਰ ਚਲਾਉਣ ਵਾਲਾ ਵਿਅਕਤੀ ਅਤੇ ਰੋਟੀਆਂ ਲੈਣ ਆਇਆ ਇੱਕ ਗਾਹਕ ਵੀ ਆ ਗਏ। ਤੰਦੂਰ ਵਾਲੀ ਦੁਕਾਨ ਵਿੱਚ ਰੱਖਿਆ ਫਰਿੱਜ ਅਤੇ ਹੋਰ ਸਮਾਨ ਵੀ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾ ਲਿਆ। ਇਸ ਦੇ ਨਾਲ ਹੀ ਇਲਾਕਾ ਨਿਵਾਸੀਆਂ ਨੇ ਹਿੰਮਤ ਦਿਖਾਉਂਦੇ ਹੋਏ ਅੱਗ ਦੇ ਵਿਚਕਾਰ ਘਰ ਅੰਦਰ ਪਏ ਹੋਰ ਗੈਸ ਸਿਲੰਡਰਾਂ ਨੂੰ ਬਾਹਰ ਕੱਢਿਆ, ਜਿਸ ਨਾਲ ਵੱਡੇ ਨੁਕਸਾਨ ਤੋਂ ਬਚਾਵ ਹੋ ਗਿਆ। ਜੇ ਇਹ ਸਿਲੰਡਰ ਵੀ ਅੱਗ ਦੀ ਲਪੇਟ ਵਿੱਚ ਆ ਜਾਂਦੇ ਤਾਂ ਜਾਨ-ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਸੀ। ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਹਸਪਤਾਲ ਪਹੁੰਚ ਕੇ ਜਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਡਾਕਟਰਾਂ ਦੇ ਅਨੁਸਾਰ ਜਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉੱਚ ਸਹੂਲਤਾਂ ਵਾਲੇ ਹਸਪਤਾਲ ਵਿੱਚ ਰੈਫਰ ਕਰਨ ਦੀ ਸੰਭਾਵਨਾ ਹੈ।
Posted By: Daily Suraj Bureau