Daily Suraj

ਪੰਜਾਬੀ

ਸਰਪੰਚ ਦੀ ਰੇਕੀ ਕਰਨ ਵਾਲਾ ਗੈਂਗਸਟਰ ਮੁਕਾਬਲੇ ’ਚ ਹਲਾਕ

07 Jan, 2026 12:15 PM

ਭਿੱਖੀਵਿੰਡ ਨੇੜੇ ਗੁਰਦੁਆਰਾ ਭਾਈ ਤਾਰੂ ਸਿੰਘ ਕੋਲ ਹੋਇਆ ਮੁਕਾਬਲਾ ਘਟਨਾ ਸਥਾਨ ’ਤੇ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ। ਇੱਥੋਂ ਨੇੜਲੇ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਪੂਹਲਾ ਕੋਲ ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਗੈਂਗਸਟਰ ਮਾਰਿਆ ਗਿਆ। ਮ੍ਰਿਤਕ ਦੀ ਪਛਾਣ ਹਰਨੂਰ ਸਿੰਘ ਵਾਸੀ ਕੱਥੂਨੰਗਲ ਵਜੋਂ ਹੋਈ ਹੈ। ਪੁਲੀਸ ਮੁਤਾਬਕ ਉਹ ਗੈਂਗਸਟਰ ਅਫਰੀਦੀ ਅਤੇ ਪ੍ਰਭ ਦਾਸੂਵਾਲ ਦਾ ਕਰੀਬੀ ਸੀ। ਵਾਰਦਾਤ ਦੌਰਾਨ ਪੁਲੀਸ ਮੁਲਾਜ਼ਮ ਪਰਮਵੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਕਾਰਵਾਈ ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਅਤੇ ਸੀ ਆਈ ਏ ਸਟਾਫ਼ ਤਰਨ ਤਾਰਨ ਨੇ ਸਾਂਝੇ ਤੌਰ ’ਤੇ ਕੀਤੀ। ਡੀ ਆਈ ਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਹਰਨੂਰ ਨੇ ਹੀ ਬੀਤੇ ਦਿਨੀਂ ਮਾਰੇ ਗਏ ਵਲਟੋਹਾ ਦੇ ਸਰਪੰਚ ਜਰਮਲ ਸਿੰਘ ਦੀ ਰੇਕੀ ਕੀਤੀ ਸੀ। ਪੁਲੀਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਇੱਕ ਸ਼ੱਕੀ ਵਿਅਕਤੀ ਸੁਰਸਿੰਘ ਤੋਂ ਪੂਹਲਾ ਪਿੰਡ ਵੱਲ ਆ ਰਿਹਾ ਹੈ, ਜਦੋਂ ਪੁਲੀਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਰੁਕਣ ਦੀ ਬਜਾਏ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਮੁਲਾਜ਼ਮ ਪਰਮਵੀਰ ਸਿੰਘ ਨੂੰ ਲੱਗੀ, ਬੁਲੇਟਪਰੂਫ ਜੈਕੇਟ ਪਾਈ ਹੋਣ ਕਰ ਕੇ ਉਸ ਦੀ ਜਾਨ ਬਚ ਗਈ, ਪਰ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਹਰਨੂਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਤੁਰੰਤ ਨਜ਼ਦੀਕੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੀ ਆਈ ਜੀ ਨੇ ਦੱਸਿਆ ਕਿ ਜ਼ਖਮੀ ਮੁਲਾਜ਼ਮ ਪਰਮਵੀਰ ਸਿੰਘ ਨੂੰ ਇਲਾਜ ਲਈ ਤਰਨ ਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੈ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸੁਰੱਖਿਅਤ ਹੱਥਾਂ ’ਚ: ਪੰਨੂ ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੇ ਸਰਪੰਚ ਹੱਤਿਆ ਮਾਮਲੇ ਦਾ ਮੁੱਖ ਮੁਲਜ਼ਮ ਪੁਲੀਸ ਮੁਕਾਬਲੇ ’ਚ ਮਾਰੇ ਜਾਣ ਤੋਂ ਬਾਅਦ ਕਿਹਾ ਕਿ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਸੁਰੱਖਿਅਤ ਹੱਥਾਂ ਵਿੱਚ ਹੈ। ਪੰਜਾਬ ਪੁਲੀਸ ਆਪਣਾ ਫਰਜ਼ ਬਾਖੂਬੀ ਨਿਭਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਆਪਣੇ ਹੱਥਾਂ ’ਚ ਲੈਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਵਚਨਬੱਧ ਹੈ।

Posted By: Daily Suraj Bureau

Latest News