Daily Suraj

ਪੰਜਾਬੀ

ਭਾਰਤ-ਕੈਨੇਡਾ ਸੰਬੰਧਾਂ ਵਿੱਚ ਨਵਾਂ ਮੋੜ: ਅੱਜ ਮੋਦੀ-ਕਾਰਨੀ ਮੀਟਿੰਗ

02 Mar, 2026 11:30 AM

ਭਾਰਤ ਅਤੇ ਕੈਨੇਡਾ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਅੱਜ ਇੱਕ ਮਹੱਤਵਪੂਰਨ ਕੂਟਨੀਤਿਕ ਵਿਕਾਸ ਹੋਣ ਜਾ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਿੱਲੀ ਵਿੱਚ ਅੱਜ ਸੋਮਵਾਰ ਨੂੰ ਅਹਿਮ ਮੀਟਿੰਗ ਕਰਨਗੇ। ਇਹ ਮੁਲਾਕਾਤ ਦੋਵਾਂ ਦੇਸ਼ਾਂ ਦੇ ਸੰਬੰਧਾਂ ਨੂੰ ਮੁੜ ਮਜ਼ਬੂਤ ਬਣਾਉਣ ਵੱਲ ਇੱਕ ਵੱਡਾ ਕਦਮ ਮੰਨੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਇਹ ਗੱਲਬਾਤ ਵਪਾਰ, ਊਰਜਾ ਅਤੇ ਨਵੀਂ ਤਕਨਾਲੋਜੀ ਵਰਗੇ ਅਹਿਮ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਉਣ ਲਈ ਨਵਾਂ ਰਾਹ ਖੋਲ੍ਹ ਸਕਦੀ ਹੈ। 2023 ਵਿੱਚ ਖਾਲਿਸਤਾਨ ਮਸਲੇ ਨੂੰ ਲੈ ਕੇ ਉਤਪੰਨ ਹੋਈ ਤਣਾਅਪੂਰਨ ਸਥਿਤੀ ਤੋਂ ਬਾਅਦ ਦੋਵੇਂ ਦੇਸ਼ ਹੁਣ ਸੰਬੰਧਾਂ ਨੂੰ ਮੁੜ ਪਟੜੀ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੀਟਿੰਗ ਦੌਰਾਨ ਪਰਮਾਣੂ ਊਰਜਾ ਖੇਤਰ ਵਿੱਚ ਵੀ ਵੱਡਾ ਫੈਸਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਰਤ ਕੈਨੇਡਾ ਤੋਂ ਯੂਰੇਨੀਅਮ ਦੀ ਖਰੀਦ ਲਈ ਰਸਤਾ ਸਾਫ਼ ਕਰਨ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਦਿੱਲੀ ਪਹੁੰਚਣ ਉਪਰੰਤ ਕਾਰਨੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਭਾਰਤ ਵਿੱਚ ਬਿਜਲੀ, ਨਵੀਂ ਤਕਨਾਲੋਜੀ ਅਤੇ ਬੁਨਿਆਦੀ ਢਾਂਚੇ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਕੈਨੇਡਾ ਕੋਲ ਇਸ ਲਈ ਯੋਗ ਸਮਰੱਥਾ ਮੌਜੂਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਦੇਸ਼ ਦੇ ਕਾਰੋਬਾਰਾਂ ਅਤੇ ਕਰਮਚਾਰੀਆਂ ਲਈ ਨਵੇਂ ਮੌਕੇ ਖੋਜਣ ਦੇ ਮਕਸਦ ਨਾਲ ਭਾਰਤ ਆਏ ਹਨ। ਯਾਦ ਰਹੇ ਕਿ 2023 ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਤੋਂ ਬਾਅਦ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ‘ਤੇ ਲਗਾਏ ਗਏ ਦੋਸ਼ਾਂ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ। ਇਸ ਤਣਾਅ ਕਾਰਨ ਦੋਵੇਂ ਦੇਸ਼ਾਂ ਨੇ ਇਕ ਦੂਜੇ ਦੇ ਸੀਨੀਅਰ ਰਾਜਨਾਇਕਾਂ ਨੂੰ ਵੀ ਨਿਕਾਲ ਦਿੱਤਾ ਸੀ। ਹਾਲਾਂਕਿ, ਸਥਿਤੀ ਵਿੱਚ ਹੁਣ ਵੱਡਾ ਬਦਲਾਅ ਆਇਆ ਹੈ। ਅਪ੍ਰੈਲ 2025 ਵਿੱਚ ਕਾਰਨੀ ਦੀ ਚੋਣ ਜਿੱਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਸੰਬੰਧ ਸੁਧਾਰਣ ਵੱਲ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਤਹਿਤ ਸੀਨੀਅਰ ਅਧਿਕਾਰੀਆਂ ਦੀ ਵਾਪਸੀ ਵੀ ਹੋ ਚੁੱਕੀ ਹੈ ਅਤੇ ਹੁਣ ਦੋਵੇਂ ਪਾਸੇ ਨਵੀਂ ਸਾਂਝ ਅਤੇ ਸਹਿਯੋਗ ਦੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ।

Posted By: Daily Suraj Bureau

Latest News