ਭਾਜਪਾ ਸੰਗਠਨ 'ਚ ਨਵੀਆਂ ਨਿਯੁਕਤੀਆਂ: ਤਰੁਣ ਚੁੱਘ ਬਣਾਏ ਗਏ ਗੁਜਰਾਤ ਦੇ ਇੰਚਾਰਜ, ਮਹੇਂਦਰ ਪਾਂਡੇ ਨੂੰ ਚੰਡੀਗੜ੍ਹ ਦੀ ਜ਼ਿੰਮੇਵਾਰੀ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 2027 ਦੇ ਆਗਾਮੀ ਵਿਧਾਨ ਸਭਾ ਚੋਣ ਚੱਕਰ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਸੰਗਠਨਾਤਮਕ ਢਾਂਚੇ ਵਿੱਚ ਵੱਡਾ ਹੈਰਾਨੀਜਨਕ ਫੇਰਬਦਲ ਕੀਤਾ ਹੈ। ਪਾਰਟੀ ਹਾਈਕਮਾਂਡ ਵੱਲੋਂ ਕਈ ਪ੍ਰਮੁੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਨਵੇਂ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀਆਂ ਨਿਯੁਕਤੀਆਂ ਦਾ ਰਸਮੀ ਐਲਾਨ ਕੀਤਾ ਗਿਆ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਨਵੀਆਂ ਤਾਇਨਾਤੀਆਂ ਸਰਹੱਦੀ ਸੂਬੇ ਪੰਜਾਬ ਦੀ ਜ਼ਿੰਮੇਵਾਰੀ ਭਾਜਪਾ ਆਗੂ ਸਤੀਸ਼ ਪੂਨੀਆ ਨੂੰ ਸੌਂਪੀ ਗਈ ਹੈ। ਉਨ੍ਹਾਂ ਦੇ ਨਾਲ ਪੰਜਾਬ ਵਿੱਚ ਸੰਗਠਨਾਤਮਕ ਮਜ਼ਬੂਤੀ ਲਈ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਵਰੇਂਦਰ ਸਚਦੇਵਾ ਅਤੇ ਅਲਕਾ ਗੁਰਜਰ ਨੂੰ ਸਹਿ-ਇੰਚਾਰਜ ਵਜੋਂ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ, ਪਾਰਟੀ ਦੀ ਸੀਨੀਅਰ ਆਗੂ ਅਤੇ ਨਵ-ਨਿਯੁਕਤ ਕੌਮੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਨੂੰ ਹਰਿਆਣਾ ਦਾ ਇੰਚਾਰਜ ਲਗਾਇਆ ਗਿਆ ਹੈ, ਜਦਕਿ ਭੋਲਾ ਸਿੰਘ ਹਰਿਆਣਾ ਵਿੱਚ ਸਹਿ-ਇੰਚਾਰਜ ਦੀ ਭੂਮਿਕਾ ਨਿਭਾਉਣਗੇ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਕਮਾਨ ਮਹੇਂਦਰ ਪਾਂਡੇ ਦੇ ਹੱਥ ਸੌਂਪੀ ਗਈ ਹੈ। ਤਰੁਣ ਚੁੱਘ ਨੂੰ ਮਿਲੀ ਗੁਜਰਾਤ ਦੀ ਕਮਾਨ ਰਾਜਨੀਤਿਕ ਦ੍ਰਿਸ਼ਟੀ ਤੋਂ ਸਭ ਤੋਂ ਅਹਿਮ ਨਿਯੁਕਤੀ ਤਹਿਤ ਭਾਜਪਾ ਦੇ ਸੀਨੀਅਰ ਨੇਤਾ ਤਰੁਣ ਚੁੱਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ, ਰਾਸ਼ਟਰੀ ਜਨਰਲ ਸਕੱਤਰ ਬਿਪਲਬ ਦੇਵ ਨੂੰ ਮੱਧ ਪ੍ਰਦੇਸ਼ ਦਾ ਇੰਚਾਰਜ ਥਾਪਿਆ ਗਿਆ ਹੈ। ਰਾਜਧਾਨੀ ਦਿੱਲੀ ਦੀ ਜ਼ਿੰਮੇਵਾਰੀ ਸੀਨੀਅਰ ਆਗੂ ਵਿਨੈ ਸਹਸ੍ਰਬੁੱਧੇ ਨੂੰ ਦਿੱਤੀ ਗਈ ਹੈ, ਜਿਨ੍ਹਾਂ ਨਾਲ ਲੱਦਾਖ ਦੇ ਸਾਬਕਾ ਸੰਸਦ ਮੈਂਬਰ ਜਾਮਿਆਂਗ ਤਸੇਰਿੰਗ ਨਾਮਗਿਆਲ ਸਹਿ-ਇੰਚਾਰਜ ਵਜੋਂ ਕੰਮ ਕਰਨਗੇ। ਹੋਰਨਾਂ ਸੂਬਿਆਂ 'ਚ ਵੀ ਵੱਡੀਆਂ ਤਬਦੀਲੀਆਂ ਹਿਮਾਚਲ ਪ੍ਰਦੇਸ਼ ਵਿੱਚ ਉੱਤਰ ਪ੍ਰਦੇਸ਼ ਦੇ ਸੀਨੀਅਰ ਨੇਤਾ ਸ੍ਰੀਕਾਂਤ ਸ਼ਰਮਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਮਹਾਰਾਸ਼ਟਰ ਵਿੱਚ ਰਾਜ ਸਭਾ ਮੈਂਬਰ ਬੈਜਯੰਤ ਪਾਂਡਾ ਨੂੰ ਇੰਚਾਰਜ ਬਣਾਇਆ ਗਿਆ ਹੈ, ਜਿਨ੍ਹਾਂ ਦੀ ਮਦਦ ਲਈ ਆਈ.ਟੀ. ਸੈੱਲ ਦੇ ਸਾਬਕਾ ਮੁਖੀ ਅਮਿਤ ਮਾਲਵੀਆ ਅਤੇ ਦਿੱਲੀ ਤੋਂ ਸੰਸਦ ਮੈਂਬਰ ਕਮਲਜੀਤ ਸਹਿਰਾਵਤ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਗਾਮੀ ਚੋਣ ਰਣਨੀਤੀ ਤਹਿਤ ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ, ਗੋਆ ਵਿੱਚ ਸਾਬਕਾ ਮੰਤਰੀ ਭਾਰਤੀ ਪਵਾਰ, ਅਤੇ ਮਨੀਪੁਰ ਵਿੱਚ ਰਾਜਦੀਪ ਰੋਏ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
Posted By: Daily Suraj Bureau