Daily Suraj

ਪੰਜਾਬੀ

ਅੰਮ੍ਰਿਤਸਰ ਟਾਹਲੀ ਵਾਲਾ ਚੌਂਕ ’ਚ ਚਾਰ ਮੰਜ਼ਿਲਾਂ ਇਮਾਰਤ ਢਹੀ, ਦੋ ਮਜ਼ਦੂਰ ਜ਼ਖ਼ਮੀ; ਇੱਕ ਦਾ ਸਫ਼ਲ ਰੈਸਕਿਊ

08 Jan, 2026 06:21 PM

ਅੰਮ੍ਰਿਤਸਰ, (ਆਰ.ਕੇ. ਸੋਨੀ) — ਅੰਮ੍ਰਿਤਸਰ ਦੇ ਟਾਹਲੀ ਵਾਲਾ ਚੌਂਕ ਸਥਿਤ ਕਿੱਤਿਆਂ ਵਾਲੇ ਬਾਜ਼ਾਰ ਵਿੱਚ ਵੀਰਵਾਰ ਨੂੰ ਮੁਰੰਮਤ ਅਧੀਨ ਇੱਕ ਚਾਰ ਮੰਜ਼ਿਲਾਂ ਇਮਾਰਤ ਅਚਾਨਕ ਢਹਿ ਜਾਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਹਾਦਸੇ ਦੌਰਾਨ ਅੰਦਰ ਕੰਮ ਕਰ ਰਹੇ ਰਹਿਮ ਮਿਸਤਰੀ ਸਮੇਤ ਦੋ ਮਜ਼ਦੂਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਮਜ਼ਦੂਰ ਮਲਬੇ ਹੇਠਾਂ ਫਸ ਗਿਆ। ਜਾਣਕਾਰੀ ਅਨੁਸਾਰ, ਇਮਾਰਤ ਵਿੱਚ ਮੁਰੰਮਤ ਅਤੇ ਬਣਤਰ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਇਮਾਰਤ ਦਾ ਵੱਡਾ ਹਿੱਸਾ ਡਿੱਗ ਪਿਆ। ਹਾਦਸੇ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਰਹਿਮ ਮਿਸਤਰੀ ਨੂੰ ਤੁਰੰਤ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ, ਜਦਕਿ ਇੱਕ ਹੋਰ ਮਜ਼ਦੂਰ ਮਲਬੇ ਹੇਠਾਂ ਬੁਰੀ ਤਰ੍ਹਾਂ ਫਸ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬੀ ਡਵੀਜ਼ਨ ਦੀ ਪੁਲਿਸ ਅਤੇ ਰੈਸਕਿਊ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਇਲਾਕਾ ਵਾਸੀਆਂ ਅਤੇ ਪੁਲਿਸ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਸੇ ਮਜ਼ਦੂਰ ਨੂੰ ਸੁਰੱਖਿਅਤ ਤਰੀਕੇ ਨਾਲ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ। ਰੈਸਕਿਊ ਉਪਰੰਤ ਉਸਨੂੰ ਵੀ ਇਲਾਜ ਲਈ ਹਸਪਤਾਲ ਭੇਜਿਆ ਗਿਆ। ਥਾਣਾ ਬੀ ਡਵੀਜ਼ਨ ਦੇ ਐਸਐਚਓ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਟਾਹਲੀ ਵਾਲਾ ਚੌਂਕ ਨੇੜੇ ਚੱਲ ਰਹੇ ਕੰਮ ਦੌਰਾਨ ਚਾਰ ਮੰਜ਼ਿਲਾਂ ਇਮਾਰਤ ਢਹਿ ਗਈ ਸੀ। ਦੋਵੇਂ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਿਸ ਵੱਲੋਂ ਮੌਕੇ ਨੂੰ ਸੀਲ ਕਰਕੇ ਇਮਾਰਤ ਡਿੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Latest News