Daily Suraj

ਪੰਜਾਬੀ

ਇਜ਼ਰਾਈਲ–ਈਰਾਨ ਤਣਾਅ ਵਿਚਕਾਰ PM ਮੋਦੀ ਦਾ ਸੰਦੇਸ਼: ਫੌਜੀ ਟਕਰਾਅ ਨਾਲ ਸਮੱਸਿਆਵਾਂ ਦਾ ਹੱਲ ਨਹੀਂ

05 Mar, 2026 03:49 PM

ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਅਤੇ ਈਰਾਨ ‘ਤੇ ਇਜ਼ਰਾਈਲ ਅਤੇ ਅਮਰੀਕਾ ਦੇ ਲਗਾਤਾਰ ਹਮਲਿਆਂ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਭਰ ਲਈ ਸ਼ਾਂਤੀ ਦਾ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਫੌਜੀ ਤਾਕਤ ਦੇ ਜ਼ਰੀਏ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੋ ਸਕਦਾ ਅਤੇ ਅਜਿਹੀਆਂ ਕੋਸ਼ਿਸ਼ਾਂ ਮਨੁੱਖਤਾ ਲਈ ਹਮੇਸ਼ਾ ਹੀ ਘਾਤਕ ਸਾਬਤ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮੰਚਾਂ ਰਾਹੀਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜੰਗਾਂ ਨੇ ਕਦੇ ਵੀ ਸਥਾਈ ਹੱਲ ਨਹੀਂ ਦਿੱਤਾ, ਸਗੋਂ ਸਿਰਫ਼ ਤਬਾਹੀ ਹੀ ਲਿਆਂਦੀ ਹੈ। ਉਨ੍ਹਾਂ ਸਾਰੀਆਂ ਸੰਬੰਧਿਤ ਧਿਰਾਂ ਨੂੰ ਤੁਰੰਤ ਜੰਗਬੰਦੀ ਵੱਲ ਕਦਮ ਵਧਾਉਣ ਅਤੇ ਸੰਵਾਦ ਰਾਹੀਂ ਮਸਲੇ ਸੁਲਝਾਉਣ ਦੀ ਅਪੀਲ ਕੀਤੀ। ਮੋਦੀ ਨੇ ਇਹ ਵੀ ਚਿੰਤਾ ਜਤਾਈ ਕਿ ਹਾਰਮੁਜ਼ ਦੀ ਖਾੜੀ ਵਿੱਚ ਤਣਾਅ ਵਧਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ 120 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਜੰਗ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਦੁਨੀਆ ਭਰ ਵਿੱਚ ਮਹਿੰਗਾਈ ਵਿੱਚ ਵੱਡਾ ਉਛਾਲ ਆ ਸਕਦਾ ਹੈ, ਜਿਸ ਦਾ ਸਭ ਤੋਂ ਵੱਧ ਪ੍ਰਭਾਵ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ‘ਤੇ ਪਵੇਗਾ। ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਵੀ ਕੀਤੀ। ਇਸ ਮੀਟਿੰਗ ਵਿੱਚ ਖਾੜੀ ਦੇਸ਼ਾਂ ਵਿੱਚ ਰਹਿੰਦੇ ਲਗਭਗ 90 ਲੱਖ ਭਾਰਤੀਆਂ ਦੀ ਸੁਰੱਖਿਆ ਅਤੇ ਸੰਭਾਵਿਤ ਘਰ ਵਾਪਸੀ ਬਾਰੇ ਵਿਚਾਰ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਜੇ ਲੋੜ ਪਈ ਤਾਂ ਭਾਰਤ ‘ਆਪ੍ਰੇਸ਼ਨ ਗੰਗਾ’ ਜਾਂ ‘ਵੰਦੇ ਭਾਰਤ’ ਦੀ ਤਰਜ਼ ‘ਤੇ ਇੱਕ ਵੱਡਾ ਰੈਸਕਿਊ ਆਪਰੇਸ਼ਨ ਸ਼ੁਰੂ ਕਰਨ ਲਈ ਤਿਆਰ ਹੈ। ਇਸੇ ਦੌਰਾਨ, ਦੁਨੀਆ ਭਰ ਵਿੱਚ ਤੇਲ ਦੀ ਸੰਭਾਵਿਤ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਨੇ ਆਪਣੀ ਊਰਜਾ ਸੁਰੱਖਿਆ ਮਜ਼ਬੂਤ ਕਰਨ ਲਈ ਰੂਸ ਨਾਲ 9.5 ਕਰੋੜ ਬੈਰਲ ਤੇਲ ਦੀ ਖਰੀਦ ਦਾ ਸਮਝੌਤਾ ਵੀ ਕੀਤਾ ਹੈ। ਭਾਰਤ ਦੀ ਇਹ ਕੂਟਨੀਤਿਕ ਪਹਲ ਦਰਸਾਉਂਦੀ ਹੈ ਕਿ ਦੇਸ਼ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਦੇ ਨਾਲ-ਨਾਲ ਵਿਸ਼ਵ ਸ਼ਾਂਤੀ ਲਈ ਵੀ ਵਚਨਬੱਧ ਹੈ। ਵਿਸ਼ਲੇਸ਼ਕਾਂ ਦੇ ਮਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਭਾਰਤ ਦੀ ਭੂਮਿਕਾ ਨੂੰ ਵਿਸ਼ਵ ਪੱਧਰ ‘ਤੇ ਇੱਕ ਸ਼ਾਂਤੀ ਦੇ ਪੱਖਧਰ ਦੇਸ਼ ਵਜੋਂ ਮਜ਼ਬੂਤ ਕਰਦਾ ਹੈ। ਇਸ ਵੇਲੇ ਪੂਰੀ ਦੁਨੀਆ ਦੀ ਨਜ਼ਰ ਭਾਰਤ ‘ਤੇ ਹੈ ਕਿ ਕੀ ਉਹ ਅਮਰੀਕਾ ਅਤੇ ਈਰਾਨ ਵਿਚਾਲੇ ਵਿਚੋਲਗੀ ਕਰਕੇ ਤਣਾਅ ਘਟਾਉਣ ਵਿੱਚ ਕੋਈ ਭੂਮਿਕਾ ਨਿਭਾ ਸਕਦਾ ਹੈ।

Posted By: Daily Suraj Bureau

Latest News