ਟਰੰਪ ਦੇ ਜੰਗਬੰਦੀ ਯਤਨਾਂ ’ਤੇ ਈਰਾਨ ਦੀ ਟਿੱਪਣੀ, ਕਿਹਾ- ਅਮਰੀਕਾ ਆਪਣੇ ਆਪ ਨਾਲ ਗੱਲ ਕਰ ਰਿਹਾ
ਇਰਾਨ ਨੇ ਅਮਰੀਕਾ ਦੇ ਜੰਗਬੰਦੀ ਦਾਅਵਿਆਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਇੱਕ ਈਰਾਨੀ ਫੌਜੀ ਬੁਲਾਰੇ ਨੇ ਕਿਹਾ ਕਿ ਜੇ ਅਮਰੀਕਾ ਕੋਲ ਅਸਲ ਤਾਕਤ ਹੁੰਦੀ ਤਾਂ ਉਹ ਮੌਜੂਦਾ ਸਥਿਤੀ ਵਿੱਚ ਜਿੱਤ ਹਾਸਲ ਕਰ ਲੈਂਦਾ ਅਤੇ ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿੰਦਾ। ਇਹ ਬਿਆਨ ਈਰਾਨੀ ਫੌਜ ਦੇ ਖਾਤਮ ਅਲ-ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਬੁਲਾਰੇ ਲੈਫਟੀਨੈਂਟ ਕਰਨਲ ਇਬਰਾਹਿਮ ਜ਼ੋਲਫਾਘਾਰੀ ਵੱਲੋਂ ਬੁੱਧਵਾਰ ਨੂੰ ਦਿੱਤਾ ਗਿਆ। ਸਰਕਾਰੀ ਟੀਵੀ ’ਤੇ ਪ੍ਰਸਾਰਿਤ ਇੱਕ ਰਿਕਾਰਡ ਕੀਤੀ ਵੀਡੀਓ ਵਿੱਚ ਉਨ੍ਹਾਂ ਅਮਰੀਕੀ ਜੰਗਬੰਦੀ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਅਮਰੀਕਾ ਆਪਣੇ ਆਪ ਨਾਲ ਹੀ ਗੱਲਬਾਤ ਕਰ ਰਿਹਾ ਹੈ। ਜ਼ੋਲਫਾਘਾਰੀ ਨੇ ਕਿਹਾ, “ਜਿਸ ਸ਼ਕਤੀ ਦੀ ਤੁਸੀਂ ਗੱਲ ਕਰਦੇ ਸੀ, ਉਹ ਹੁਣ ਅਸਫਲਤਾ ਵਿੱਚ ਬਦਲ ਚੁੱਕੀ ਹੈ। ਤੁਸੀਂ ਆਪਣੇ ਆਪ ਨੂੰ ਵਿਸ਼ਵ ਮਹਾਂਸ਼ਕਤੀ ਕਹਿੰਦੇ ਹੋ, ਪਰ ਜੇਕਰ ਤੁਹਾਡੇ ਕੋਲ ਇਹ ਤਾਕਤ ਹੁੰਦੀ ਤਾਂ ਤੁਸੀਂ ਹੁਣ ਤੱਕ ਇਸ ਸਥਿਤੀ ਤੋਂ ਬਾਹਰ ਆ ਜਾਂਦੇ। ਆਪਣੀ ਹਾਰ ਨੂੰ ਸਮਝੌਤੇ ਦਾ ਨਾਮ ਨਾ ਦਿਓ। ਤੁਹਾਡੇ ਖਾਲੀ ਵਾਅਦਿਆਂ ਦਾ ਦੌਰ ਖਤਮ ਹੋ ਗਿਆ ਹੈ।” ਉਨ੍ਹਾਂ ਨੇ ਤੰਜ ਕਰਦਿਆਂ ਇਹ ਵੀ ਕਿਹਾ ਕਿ ਕੀ ਅਮਰੀਕਾ ਦੀ ਅੰਦਰੂਨੀ ਸਥਿਤੀ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਉਹ ਆਪਣੇ ਆਪ ਨਾਲ ਹੀ ਗੱਲਬਾਤ ਕਰ ਰਿਹਾ ਹੈ। ਇਹ ਪ੍ਰਤੀਕਿਰਿਆ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਟਰੰਪ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਰਾਹੀਂ ਈਰਾਨ ਨੂੰ 15-ਨੁਕਾਤੀ ਜੰਗਬੰਦੀ ਪ੍ਰਸਤਾਵ ਭੇਜਿਆ ਗਿਆ ਸੀ। ਇਸ ਸਬੰਧ ਵਿੱਚ ਈਰਾਨੀ ਪੱਖ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸਦਾ ਰੁਖ ਸ਼ੁਰੂ ਤੋਂ ਹੀ ਇਕਸਾਰ ਹੈ ਅਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਆਏਗੀ। ਜ਼ੋਲਫਾਘਾਰੀ ਨੇ ਕਿਹਾ ਕਿ ਈਰਾਨ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। “ਅਸੀਂ ਪਹਿਲਾਂ ਵੀ ਅਜਿਹਾ ਨਹੀਂ ਕੀਤਾ ਅਤੇ ਭਵਿੱਖ ਵਿੱਚ ਵੀ ਨਹੀਂ ਕਰਾਂਗੇ,” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ।
Posted By: Daily Suraj Bureau