ਮਾਨਸਾ ਵਿੱਚ ਦੁਖਦਾਈ ਘਟਨਾ, ਮਾਂ ਅਤੇ ਤਿੰਨ ਬੱਚਿਆਂ ਦੀ ਮੌਤ; ਪੁਲਿਸ ਜਾਂਚ ਵਿੱਚ ਜੁਟੀ
ਮਾਨਸਾ ਤੋਂ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, 45 ਸਾਲਾ ਸੰਦੀਪ ਕੌਰ ਦੀ ਆਪਣੇ ਤਿੰਨ ਬੱਚਿਆਂ ਸਮੇਤ ਮੌਤ ਹੋ ਗਈ। ਮ੍ਰਿਤਕ ਬੱਚਿਆਂ ਵਿੱਚ ਇੱਕ ਪੁੱਤਰ ਅਤੇ ਦੋ ਧੀਆਂ ਸ਼ਾਮਲ ਹਨ। ਪੁੱਤਰ ਵਿਸ਼ਵਾਸ ਸਿੰਘ ਦੀ ਉਮਰ ਕਰੀਬ ਡੇਢ ਸਾਲ, ਜਦਕਿ ਧੀਆਂ ਸਮਨਦੀਪ ਅਤੇ ਖੁਸ਼ਪ੍ਰੀਤ ਦੀ ਉਮਰ ਕ੍ਰਮਵਾਰ 7 ਸਾਲ ਅਤੇ 12 ਸਾਲ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕਿਹਾ ਹੈ ਕਿ ਘਟਨਾ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਕ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਦਿੱਤੀ ਜਾਵੇਗੀ। ਪੁਲਿਸ ਅਨੁਸਾਰ, ਔਰਤ ਦੇ ਪਤੀ ਦੀ ਚਾਰ ਸਾਲ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਆਪਣੀ ਸੱਸ ਅਤੇ ਤਿੰਨ ਬੱਚਿਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਸਿਟੀ-2 ਥਾਣੇ ਦੇ ਜਾਂਚ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਔਰਤ ਨੇ ਪਹਿਲਾਂ ਆਪਣੇ ਅੱਠ ਸਾਲ ਦੀ ਧੀ, ਚਾਰ ਸਾਲ ਦੀ ਧੀ ਅਤੇ ਡੇਢ ਸਾਲ ਦੇ ਪੁੱਤਰ ਨੂੰ ਜ਼ਹਿਰ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਲਿਆ। ਪੁਲਿਸ ਮੁਤਾਬਕ, ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਔਰਤ 'ਤੇ ਆ ਗਈ ਸੀ। ਉਹ ਆਪਣੀ ਸੱਸ ਅਤੇ ਬੱਚਿਆਂ ਦਾ ਗੁਜ਼ਾਰਾ ਚਲਾਉਣ ਲਈ ਮਜ਼ਦੂਰੀ ਕਰਦੀ ਸੀ। ਜਾਣਕਾਰੀ ਅਨੁਸਾਰ, ਪਰਿਵਾਰ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਸੰਦੀਪ ਕੌਰ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸੀ। ਪੁਲਿਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ।
Posted By: Daily Suraj Bureau