Daily Suraj

ਪੰਜਾਬੀ

ਟਰੰਪ ਨੇ ਕੈਨੇਡਾ ਦੇ ਕਈ ਉਤਪਾਦਾਂ 'ਤੇ 50 ਫੀਸਦੀ ਟੈਰਿਫ ਲਗਾਉਣ ਦਾ ਕੀਤਾ ਐਲਾਨ

21 Jul, 2026 09:29 AM

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੋਂ ਆਯਾਤ ਕੀਤੇ ਜਾਣ ਵਾਲੇ ਕਈ ਉਤਪਾਦਾਂ 'ਤੇ 50 ਫੀਸਦੀ ਨਵਾਂ ਟੈਰਿਫ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਫੈਸਲੇ ਲਈ ਟਰੰਪ ਪ੍ਰਸ਼ਾਸਨ ਨੇ 1930 ਦੇ ਟੈਰਿਫ ਐਕਟ ਦੀ ਧਾਰਾ 338 ਦੀ ਵਰਤੋਂ ਕੀਤੀ ਹੈ। ਜਾਣਕਾਰੀ ਅਨੁਸਾਰ, ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਇਸ ਵਿਵਸਥਾ ਤਹਿਤ ਟੈਰਿਫ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਵ੍ਹਾਈਟ ਹਾਊਸ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਇਹ ਨਵਾਂ ਟੈਰਿਫ 30 ਦਿਨਾਂ ਬਾਅਦ ਲਾਗੂ ਹੋਵੇਗਾ। ਹਾਲਾਂਕਿ ਊਰਜਾ, ਪੋਟਾਸ਼ ਅਤੇ ਪਹਿਲਾਂ ਹੀ ਸੈਕਟਰ-ਵਿਸ਼ੇਸ਼ ਟੈਰਿਫ ਦੇ ਦਾਇਰੇ ਵਿੱਚ ਆਉਣ ਵਾਲੇ ਉਤਪਾਦਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ USMCA (ਅਮਰੀਕਾ-ਮੈਕਸੀਕੋ-ਕੈਨੇਡਾ ਮੁਕਤ ਵਪਾਰ ਸਮਝੌਤਾ) ਦੇ ਅਧੀਨ ਆਉਣ ਵਾਲੇ ਕਈ ਉਤਪਾਦ ਵੀ ਹੁਣ ਇਸ ਨਵੇਂ ਟੈਰਿਫ ਦੇ ਦਾਇਰੇ ਵਿੱਚ ਸ਼ਾਮਲ ਹੋ ਜਾਣਗੇ। ਰਾਸ਼ਟਰਪਤੀ ਟਰੰਪ ਨੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਦੋਸ਼ ਲਗਾਇਆ ਕਿ ਕੈਨੇਡਾ ਅਮਰੀਕੀ ਵਾਈਨ, ਆਟੋਮੋਬਾਈਲ ਅਤੇ ਡੇਅਰੀ ਉਤਪਾਦਾਂ ਨਾਲ ਵਿਤਕਰਾਪੂਰਨ ਵਿਵਹਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਇਹ ਕਦਮ ਚੁੱਕਣਾ ਜ਼ਰੂਰੀ ਬਣਿਆ। ਵਪਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਨਾਲ ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰਕ ਤਣਾਅ ਹੋਰ ਵਧ ਸਕਦਾ ਹੈ। ਇਸ ਦਾ ਅਸਰ ਦੋਵੇਂ ਦੇਸ਼ਾਂ ਦੇ ਕਾਰੋਬਾਰਾਂ ਅਤੇ ਖਪਤਕਾਰਾਂ 'ਤੇ ਵੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਉੱਧਰ, ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਨਾਲ ਗੱਲਬਾਤ ਨੂੰ ਤੇਜ਼ ਕਰਨ ਲਈ ਤਿਆਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਮਰੀਕਾ ਪਹਿਲਾਂ ਵੀ USMCA ਦੀ ਉਲੰਘਣਾ ਕਰਦਿਆਂ ਇਕਪਾਸੜ ਟੈਰਿਫ ਲਾਗੂ ਕਰ ਚੁੱਕਾ ਹੈ, ਜਦਕਿ ਕੈਨੇਡਾ ਨੇ ਸਿਰਫ਼ ਉਸ ਦਾ ਜਵਾਬ ਦਿੱਤਾ ਹੈ।

Posted By: Daily Suraj Bureau

Latest News