ਗੋਲਡੀ ਬਰਾੜ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਸ਼ੁਰੂ
ਚੰਡੀਗੜ੍ਹ, ਚੰਡੀਗੜ੍ਹ (Chandigarh) ਦੀ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਦੇ ਹੁਕਮਾਂ ‘ਤੇ ਅੱਤਵਾਦੀ ਸਤਵਿੰਦਰ ਸਿੰਘ ਉਰਫ਼ ਗੋਲਡੀ ਬਰਾੜ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕਾਰਵਾਈ ਚੰਡੀਗੜ੍ਹ ਵਿੱਚ ਇੱਕ ਵਪਾਰੀ ਦੇ ਘਰ ‘ਤੇ ਗੋਲੀਬਾਰੀ ਕਰਨ ਅਤੇ ਫਿਰੌਤੀ ਮੰਗਣ ਦੇ ਮਾਮਲੇ ‘ਚ ਕੀਤੀ ਗਈ ਹੈ। ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਅਦਾਲਤ ਨੇ ਭਾਰਤੀ ਸੁਰੱਖਿਆ ਜ਼ਾਬਤਾ, 2023 ਦੀ ਧਾਰਾ 84 ਤਹਿਤ ਕਾਰਵਾਈ ਕਰਦਿਆਂ, ਗੋਲਡੀ ਬਰਾੜ ਨੂੰ 30 ਦਿਨਾਂ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਦੱਸ ਦਈਏ ਕਿ ਗੋਲਡੀ ਬਰਾੜ ਵਿਰੁੱਧ 20 ਜਨਵਰੀ, 2024 ਨੂੰ ਚੰਡੀਗੜ੍ਹ (Chandigarh) ਵਿੱਚ ਸੈਕਟਰ 5 ਦੇ ਕਾਰੋਬਾਰੀ ਕੁਲਦੀਪ ਸਿੰਘ ਮੱਕੜ ਦੇ ਘਰ ‘ਤੇ ਗੋਲੀਬਾਰੀ ਕਰਨ ਅਤੇ ਫਿਰੌਤੀ ਮੰਗਣ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਸੀ। ਇਸ ਕੇਸ ਨੂੰ ਐਨ.ਆਈ.ਏ. ਨੇ 8 ਮਾਰਚ, 2024 ਨੂੰ ਆਪਣੇ ਹੱਥਾਂ ‘ਚ ਲਿਆ ਸੀ। ਇਸ ਮਾਮਲੇ ਵਿੱਚ, ਗੋਲਡੀ ਬਰਾੜ ‘ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120B (ਅਪਰਾਧਿਕ ਸਾਜ਼ਿਸ਼), 336 (ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲਾ ਲਾਪਰਵਾਹੀ ਵਾਲਾ ਕੰਮ), 384 (ਜਬਰਦਸਤੀ) ਅਤੇ 506 (ਅਪਰਾਧਿਕ ਧਮਕੀ) ਦੇ ਨਾਲ-ਨਾਲ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਅਤੇ ਅਸਲਾ ਐਕਟ ਦੀਆਂ ਧਾਰਾਵਾਂ ਦੇ ਤਹਿਤ ਦੋਸ਼ ਲਗਾਏ ਗਏ ਹਨ। ਹਾਲਾਂਕਿ, ਏਜੰਸੀ ਗੋਲਡੀ ਬਰਾੜ ਨੂੰ ਫੜਨ ਵਿੱਚ ਅਸਫਲ ਰਹੀ ਅਤੇ ਉਹ ਇਸ ਸਮੇਂ ਫਰਾਰ ਹੈ। ਮੱਕੜ ਗੋਲੀਬਾਰੀ ਮਾਮਲੇ ਵਿੱਚ, ਅਦਾਲਤ ਨੇ ਸ਼ੁਰੂ ਵਿੱਚ ਗੋਲਡੀ ਬਰਾੜ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਜੇਕਰ ਉਹ ਨਿਰਧਾਰਤ ਸਮੇਂ ਦੇ ਅੰਦਰ ਅਦਾਲਤ ਵਿੱਚ ਪੇਸ਼ ਨਹੀਂ ਹੁੰਦਾ ਹੈ, ਤਾਂ ਉਸਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ। ਗੋਲਡੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਵੀ ਹੈ। ਉਸਨੂੰ ਕੇਂਦਰ ਸਰਕਾਰ ਨੇ ਪਹਿਲਾਂ ਹੀ ਅੱਤਵਾਦੀ ਨਾਮਜ਼ਦ ਕੀਤਾ ਹੈ, ਅਤੇ ਉਹ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਰੀ ਅਨੁਸਾਰ, ਉਸਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।
Posted By: Daily Suraj Bureau