ਕੈਲੀਫੋਰਨੀਆ 'ਚ ਅਮਰੀਕੀ ਹਵਾਈ ਸੈਨਾ ਦਾ B-52 ਜਹਾਜ਼ ਹਾਦਸਾਗ੍ਰਸਤ, 8 ਲੋਕਾਂ ਦੀ ਮੌਤ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਮੰਗਲਵਾਰ ਸਵੇਰੇ ਇੱਕ ਵੱਡੇ ਹਵਾਈ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਹਵਾਈ ਸੈਨਾ ਦਾ ਭਰੋਸੇਮੰਦ ਮੰਨਿਆ ਜਾਣ ਵਾਲਾ ਬੀ-52 ਸਟ੍ਰੈਟੋਫੋਰਟਰੈਸ ਬੰਬਾਰ ਜਹਾਜ਼ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਹਵਾਈ ਸੈਨਾ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਕਰੈਸ਼ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਅੱਠ ਲੋਕਾਂ ਦੀ ਮੌਤ ਹੋ ਗਈ। ਅਮਰੀਕੀ ਹਵਾਈ ਸੈਨਾ ਮੁਤਾਬਕ ਇਹ ਜਹਾਜ਼ ਇੱਕ ਨਿਯਮਤ ਟੈਸਟ ਉਡਾਣ 'ਤੇ ਸੀ। ਸਵੇਰੇ ਕਰੀਬ 11:20 ਵਜੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਨੂੰ ਅੱਗ ਲੱਗ ਗਈ। ਮ੍ਰਿਤਕਾਂ ਵਿੱਚ ਹਵਾਈ ਸੈਨਾ ਦੇ ਕਰਮਚਾਰੀ ਅਤੇ ਹਵਾਈ ਜਹਾਜ਼ਾਂ ਦੀ ਟੈਸਟਿੰਗ ਨਾਲ ਜੁੜੇ ਮਾਹਰ ਸ਼ਾਮਲ ਹਨ। ਫਿਲਹਾਲ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸ਼ੁਰੂਆਤੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜਹਾਜ਼ ਦੇ ਕੰਟਰੋਲ ਸਿਸਟਮ, ਇੰਜਣ ਜਾਂ ਟੈਸਟਿੰਗ ਅਧੀਨ ਕਿਸੇ ਉਪਕਰਣ ਵਿੱਚ ਖਰਾਬੀ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਇਸ ਸਬੰਧੀ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਹਾਦਸੇ ਵੇਲੇ ਜਹਾਜ਼ ਵਿੱਚ ਕੋਈ ਹਥਿਆਰ ਮੌਜੂਦ ਸਨ ਜਾਂ ਨਹੀਂ। ਹਾਦਸੇ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਸੰਬੰਧਿਤ ਏਅਰਫੀਲਡ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਉੱਥੇ ਆਉਣ ਵਾਲੇ ਜਹਾਜ਼ਾਂ ਨੂੰ ਹੋਰ ਏਅਰਬੇਸਾਂ ਵੱਲ ਮੋੜਿਆ ਜਾ ਰਿਹਾ ਹੈ।
Posted By: Daily Suraj Bureau